ਪੰਜਾਬੀ-ਸੱਭਿਆਚਾਰ-ਤੇ-ਲੇਖ

ਪੰਜਾਬੀ ਸੱਭਿਆਚਾਰ ਤੇ ਲੇਖ

Facebook
WhatsApp
Twitter
Reddit
Pinterest
5/5 - (15 votes)

ਪੰਜਾਬੀ ਸੱਭਿਆਚਾਰ ਤੇ ਲੇਖ (Essay on Punjabi Culture in Punjabi)

ਸਭਿਆਚਾਰ ਕਿਸੇ ਖ਼ਾਸ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਜੀਵਨ – ਜਾਚ ਹੁੰਦੀ ਹੈ । ਇਹ ਉਨ੍ਹਾਂ ਲੋਕਾਂ ਦੇ ਰਹਿਣ – ਸਹਿਣ , ਕਦਰਾਂ – ਕੀਮਤਾਂ , ਵਿਚਾਰਾਂ , ਮਨੌਤਾਂ , ਵਿਸ਼ਵਾਸ , ਰੀਤੀ – ਰਿਵਾਜਾਂ , ਖਾਣ – ਪੀਣ , ਪਹਿਰਾਵੇ , ਬੋਲੀ ਤੇ ਤਿਥ ਤਿਉਹਾਰਾਂ ਦਾ ਸੁਮੇਲ ਹੁੰਦਾ ਹੈ , ਜਿਸ ਦੀ ਪ੍ਰਕਿਰਤੀ ਓਪਰੀ ਨਜ਼ਰੇ ਸਧਾਰਨ ਪ੍ਰਤੀਤ ਹੁੰਦੀ ਹੈ , ਪਰੰਤੂ ਇਹ ਇਕ ਜਟਿਲ ਵਰਤਾਰਾ ਹੈ ।

ਪਰਿਭਾਸ਼ਾ ਤੇ ਸਰੂਪ

ਸੱਭਿਆਚਾਰ ਸ਼ਬਦ ‘ ਸੱਭਯ ‘ ਅਤੇ ‘ ਆਚਾਰ ‘ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ , ਜਿਸ ਦਾ ਭਾਵ ਜੀਵਨ ਦਾ ਉਹ ਚਰਿੱਤਰ ਹੈ , ਜੋ ਕਿਸੇ ਨਿਯਮਬੱਧਤਾ ਦਾ ਧਾਰਨੀ ਹੁੰਦਾ ਹੈ । ਇਸ ਵਿਚ ਜੀਵਨ – ਜਾਚ ਲਈ ਅਜਿਹੇ ਨੇਮਬੱਧ ਅਸੂਲ ਅਪਣਾਏ ਗਏ ਹੁੰਦੇ ਹਨ , ਜਿਨ੍ਹਾਂ ਨੂੰ ਸਾਰਾ ਲੋਕ – ਸਮੂਹ ਪ੍ਰਵਾਨ ਕਰਦਾ ਹੈ । ਸਭਿਆਚਾਰ ਸਿਰਫ਼ ਸਮਾਜ ਵਿਚ ਰਹਿੰਦਿਆਂ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ , ਇਸੇ ਕਰਕੇ ਹੀ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ ।

ਸੱਭਿਆਚਾਰ ਲਈ ਹਿੰਦੀ ਵਿਚ ‘ ਸੰਸਕ੍ਰਿਤੀ ‘ ਸ਼ਬਦ ਦੀ ਅਤੇ ਅੰਗਰੇਜ਼ੀ ਵਿਚ ‘ ਕਲਚਰ ‘ ( Culture ) ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ । ਸਭਿਆਚਾਰ ਲਈ ਵੱਖ – ਵੱਖ ਭਾਸ਼ਾਵਾਂ ਵਿਚ ਵਰਤੇ ਜਾਂਦੇ ਸ਼ਬਦਾਂ ਦਾ ਭਾਵ ਇੱਕੋ ਹੈ ਕਿ ਸਮਾਜਿਕ ਲੋੜਾਂ ਅਨੁਸਾਰ ਮਨੁੱਖ ਰਹਿਣ – ਸਹਿਣ ਦੇ ਜਿਨ੍ਹਾਂ ਅਸੂਲਾਂ ਨੂੰ ਕਿਸੇ ਨਿਯਮ ਅਨੁਸਾਰ ਗ੍ਰਹਿਣ ਕਰਦਾ ਹੈ , ਉਸੇ ਨੂੰ ‘ ਸਭਿਆਚਾਰ ‘ ਕਿਹਾ ਜਾਂਦਾ ਹੈ ।

ਪੰਜਾਬੀ ਸੱਭਿਆਚਾਰ ਦੀ ਵਰਗ – ਵੰਡ

ਭਾਰਤ ਅਨੇਕਤਾ ਵਿਚ ਏਕਤਾ ਵਾਲਾ ਦੇਸ਼ ਹੈ , ਜਿੱਥੇ ਵਿਭਿੰਨ ਸੱਭਿਆਚਾਰ ਅਰਥਾਤ ਜੀਵਨ – ਜਾਚ ਦੇ ਅਨੇਕਾਂ ਨਮੂਨੇ ਮੌਜੂਦ ਹਨ ।ਇਸ ਅਨੇਕਤਾ ਵਿਚ ਉਪ – ਸੱਭਿਆਚਾਰ ਵਿਲੱਖਣਤਾਵਾਂ ਦੇ ਬਾਵਜੂਦ ਏਕਤਾ ਹੈ । ਪੰਜਾਬੀ ਸੱਭਿਆਚਾਰ ਤੇ ਲੇਖ ਲਿਖਣ ਲਈ ਅਕਸਰ ਅਧਿਆਪਕ ਬੱਚਿਆਂ ਨੂੰ ਕਹਿੰਦੇ ਹਨ।

ਉਪ – ਸੱਭਿਆਚਾਰ ਤੇ ਸੱਭਿਆਚਾਰ ਵਿਚ ਫ਼ਰਕ ਇਹ ਹੈ ਕਿ ਜਿੱਥੇ ਸੱਭਿਆਚਾਰ ਦਾ ਸੰਬੰਧ ਕਿਸੇ ਸਮੁੱਚੇ ਜਨ-ਸਮੂਹ ਜਾਂ ਸਮਾਜ ਨਾਲ ਹੁੰਦਾ ਹੈ, ਉੱਥੇ ਉਪ – ਸੱਭਿਆਚਾਰ ਉਪ – ਸਮੂਹ ਜਾਂ ਸਥਾਨਿਕ ਖਿੱਤੇ ਨਾਲ ਸੰਬੰਧਿਤ ਹੁੰਦਾ ਹੈ । ਭਾਰਤੀ ਸੱਭਿਆਚਾਰ ਦੇ ਪ੍ਰਸੰਗ ਵਿਚ ਦੇਖਿਆ ਜਾਵੇ , ਤਾਂ ਪੰਜਾਬੀ , ਬੰਗਾਲੀ ਮਰਾਠੀ ਆਦਿ ਇਸਦੇ ਉਪ – ਸੱਭਿਆਚਾਰ ਹਨ ।

ਇਸੇ ਤਰ੍ਹਾਂ ਜੇਕਰ ਪੰਜਾਬ ਵਿਚ ‘ ਪੰਜਾਬੀ ਸੱਭਿਆਚਾਰ ’ ਹੈ , ਤਾਂ ਮਾਝੀ , ਦੁਆਬੀ , ਮਲਵਈ ਤੇ ਪੁਆਧੀ ਆਦਿ ਇਸਦੇ ਉਪ ਸੱਭਿਆਚਾਰ ਹਨ । ਇਸੇ ਪ੍ਰਕਾਰ ਵੱਖ – ਵੱਖ ਜਾਤਾਂ , ਧਰਮਾਂ , ਬੋਲੀਆਂ ਤੇ ਕਿੱਤਿਆਂ ਦੁਆਰਾ ਅਪਣਾਈ ਜੀਵਨ – ਜਾਚ ਉਪ ਸੱਭਿਆਚਾਰ ਅਖਵਾਉਂਦੀ ਹੈ ।

ਪੰਜਾਬੀ ਸੱਭਿਆਚਾਰ ਦਾ ਇਤਿਹਾਸਿਕ ਪਿਛੋਕੜ

ਪੰਜਾਬੀ ਸੱਭਿਆਚਾਰ ਇਕ ਅਜਿਹੀ ਜੀਵਨ – ਜਾਚ ਹੈ , ਜਿਸਦਾ ਖੇਤਰ ਭਾਵੇਂ ਛੋਟਾ ਹੈ , ਪਰੰਤੂ ਇਸਨੇ ਕੇਵਲ ਭਾਰਤ ਵਿਚ ਹੀ ਨਹੀਂ , ਸਗੋਂ ਸਮੁੱਚੇ ਵਿਸ਼ਵ ਵਿਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੋਈ ਹੈ , ਜਿਸਦਾ ਕਾਰਨ ਇਸਦੇ ਵੱਖਰੇ ਪਛਾਣ – ਚਿੰਨ੍ਹ ਹਨ । ਪੰਜਾਬੀ ਸਭਿਆਚਾਰ ਦੀ ਧਾਰਾ ਪ੍ਰਮੁੱਖ ਤੌਰ ‘ ਤੇ ਆਰੀਆ ਜਾਤੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ । ਵੈਦਿਕ ਸਭਿਆਚਾਰ ਦਾ ਮਹਾਨ ਗ੍ਰੰਥ ਅਤੇ ਭਾਰਤੀ ਸਭਿਆਚਾਰ ਦਾ ਮਹਾਨ ਸ੍ਰੋਤ ਰਿਗਵੇਦ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਰਚਿਆ ਗਿਆ ।

ਪੰਜਾਬੀ ਸੱਭਿਆਚਾਰ ਭਾਰਤੀ ਸੱਭਿਆਚਾਰ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ । ਪੰਜਾਬ ਨਾ ਸਿਰਫ਼ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਹੀ ਰਿਹਾ ਹੈ , ਸਗੋਂ ਹਿੰਦੁਸਤਾਨ ਦੇ ਨਾਮਕਰਨ ਵਿਚ ਵੀ ਇਸਦੀ ਵਿਸ਼ੇਸ਼ ਭੂਮਿਕਾ ਹੈ । ਰਿਗਵੈਦਿਕ ਕਾਲ ਵਿਚ ਪੰਜਾਬ ਸੱਤਾਂ ਦਰਿਆਵਾਂ ਦੀ ਧਰਤੀ ਹੋਣ ਕਰਕੇ ਇਸ ਨੂੰ ‘ ਸਪਤ ਸਿੰਧੂ ‘ ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਮਹਾਂਭਾਰਤ ਕਾਲ ਵਿਚ ਪੰਜਾਬ ਵਿਚ ਪੰਜ ਦਰਿਆ ਰਹਿ ਗਏ , ਇਸ ਕਰਕੇ ਇਸਨੂੰ ‘ ਪੰਚ – ਨਦ ‘ ਦੇ ਨਾਂ ਨਾਲ ਪੁਕਾਰਿਆ ਜਾਣ ਲੱਗਾ ।

ਮੁਸਲਮਾਨਾਂ ਦੁਆਰਾ ਇਸ ਨੂੰ ਪੰਜਾਬ ( ਪੰਜ + ਆਬ ) ਅਰਥਾਤ ਪੰਜਾਂ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਪੁਕਾਰਿਆ ਜਾਣ ਲੱਗਾ । ਭਾਰਤੀ ਸਭਿਆਚਾਰ ਦੀਆਂ ਪ੍ਰਮੁੱਖ ਘਟਨਾਵਾਂ ਵੀ ਪੰਜਾਬ ਵਿਚ ਹੀ ਵਾਪਰੀਆਂ । ਪਾਣਿਨੀ ਨੇ ਸੰਸਕ੍ਰਿਤ ਦੇ ਵਿਆਕਰਨ ਦੀ ਰਚਨਾ ਵੀ ਇਸੇ ਧਰਤੀ ਉੱਤੇ ਹੀ ਕੀਤੀ । ਤਕਸ਼ਿਲਾ ਵਰਗੇ ਮਹਾਨ ਵਿਸ਼ਵ – ਵਿਦਿਆਲੇ ਦੀ ਸਥਾਪਨਾ ਵੀ ਇੱਥੇ ਹੋਈ ।

ਭਗਵਤ ਗੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੇ ਮਹਾਨ ਗ੍ਰੰਥਾਂ ਦੀ ਰਚਨਾ ਵੀ ਇਸੇ ਧਰਤੀ ਉੱਤੇ ਹੀ ਹੋਈ । ਉਸ ਸਮੇਂ ਦੇ ਪੰਜਾਬ ਦੀਆਂ ਸਭਿਆਚਾਰਕ ਤੇ ਭੂਗੋਲਿਕ ਸਰਹੱਦਾਂ ਅਜੋਕੇ ਰਾਜਨੀਤਿਕ ਪੰਜਾਬ ਤੋਂ ਕਿਤੇ ਵਿਸ਼ਾਲ ਸਨ । ਮੱਧਕਾਲ ਵਿਚ ਪੰਜਾਬ ਇਸਲਾਮ ਧਰਮ ਤੇ ਸੰਸਕ੍ਰਿਤੀ ਦਾ ਬਹੁਤ ਵੱਡਾ ਖੇਤਰ ਰਿਹਾ , ਜਦ ਕਿ ਸੂਫ਼ੀ ਫ਼ਕੀਰਾਂ ਨੇ ਪੰਜਾਬੀ , ਭਾਰਤੀ ਅਤੇ ਇਸਲਾਮੀ ਸਭਿਆਚਾਰ ਦਾ ਸੁਮੇਲ ਸਥਾਪਿਤ ਕਰਨ ਦਾ ਯਤਨ ਕੀਤਾ।

ਗੁਰੂ ਸਾਹਿਬਾਨ ਨੇ ਆਪਣੀ ਨਰੋਈ ਮਾਨਵਤਾਵਾਦੀ ਸੋਚ ਅਨੁਸਾਰ ਇਕ ਆਧੁਨਿਕ ਧਰਮ ( ਸਿੱਖ ਧਰਮ ) ਅਤੇ ਫ਼ਲਸਫ਼ੇ ਦਾ ਮੁੱਢ ਬੰਨ੍ਹਿਆ , ਜੋ ਕਿ ਅਜੋਕੇ ਪੰਜਾਬੀ ਸਭਿਆਚਾਰ ਦਾ ਧੁਰਾ ਬਣਿਆ । ਪੰਜਾਬੀ ਸੱਭਿਆਚਾਰ ਤੇ ਲੇਖ ਲਿਖਣ ਲਈ ਸਾਨੂੰ ਅਕਸਰ ਹੀ ਕਿਹਾ ਜਾਂਦਾ ਹੈ।

ਆਪਣੇ ਇਤਿਹਾਸਿਕ ਸਫ਼ਰ ਵਿਚੋਂ ਗੁਜ਼ਰਦਿਆਂ ਪੰਜਾਬ ਸੱਤ ਦਰਿਆਵਾਂ ਤੋਂ ਘਟ ਕੇ ਪਹਿਲਾਂ ਪੰਜ ਦਰਿਆਵਾਂ ਦਾ ਤੇ ਫਿਰ 1947 ਵਿਚ ਢਾਈ ਕੁ ਦਰਿਆਵਾਂ ਦਾ ਦੇਸ਼ ਹੀ ਰਹਿ ਗਿਆ । ਫਿਰ 1 ਨਵੰਬਰ , 1966 ਨੂੰ ਇਸਦੇ ਅੱਗੇ ਤਿੰਨ ਟੋਟੇ ਕਰ ਦਿੱਤੇ ਗਏ ਤੇ ਪੰਜਾਬ ਹੋਰ ਸੁਕੜ ਗਿਆ ।

ਪੰਜਾਬੀ ਸੱਭਿਆਚਾਰ ਦੇ ਲੱਛਣ

ਪੰਜਾਬੀ ਸਭਿਆਚਾਰ ਦੇ ਵਿਲੱਖਣ ਪਛਾਣ – ਚਿੰਨ੍ਹ ਹਨ । ਹਿੰਦੁਸਤਾਨ ਦਾ ਪ੍ਰਵੇਸ਼ – ਦੁਆਰ ਹੋਣ ਕਰਕੇ ਇੱਥੋਂ ਦੇ ਵਾਸੀ ਸੂਰਮਿਆਂ ਦੀ ਕੰਮ ਹੈ , ਜਿਸ ਵਿਚ ਕੁਰਬਾਨੀ ਦਾ ਜਜਬਾ ਕੁੱਟ – ਕੁੱਟ ਕੇ ਭਰਿਆ ਹੋਇਆ ਹੈ । ਇਸੇ ਕਰਕੇ ਪ੍ਰੋ . ਪੂਰਨ ਸਿੰਘ ਪੰਜਾਬ ਦੇ ਜਵਾਨਾਂ ਨੂੰ ‘ ਮੌਤ ਨੂੰ ਮਖੌਲਾਂ ਕਰਨ ਵਾਲੇ ਕਹਿੰਦਾ ਹੈ । ਇਹ ਜ਼ਾਲਮ ਹਾਕਮਾਂ ਅੱਗੇ ਝੁਕਦੇ ਨਹੀਂ , ਸਗੋਂ ਅਣਖ ਦਾ ਜੀਵਨ ਜਿਉਂਦੇ ਹਨ । ਪੰਜਾਬ ਅੰਨ ਦਾ ਭੰਡਾਰ ਹੈ , ਇਸ ਕਰਕੇ ਪੰਜਾਬੀ ਭੀਖ ਮੰਗਣਾ ਤੇ ਗ਼ੁਲਾਮ ਬਣਨ ਨਾਲੋਂ ਮੌਤ ਨੂੰ ਤਰਜ਼ੀਹ ਦਿੰਦੇ ਹਨ ।

ਪੰਜਾਬੀ ਸਭਿਆਚਾਰ ਦਾ ਇਕ ਹੋਰ ਵਿਸ਼ੇਸ਼ ਲੱਛਣ ਇਸਦਾ ਮਿੱਸਾਪਨ ਹੈ । ਸਦੀਆਂ ਤੋਂ ਬਾਹਰੀ ਹਮਲਾਵਰਾਂ ਮੁਸਲਮਾਨਾਂ , ਮੁਗ਼ਲਾਂ ਤੇ ਅੰਗਰੇਜ਼ਾਂ ਦੇ ਪ੍ਰਵੇਸ਼ ਨੇ ਇਸ ਨੂੰ ‘ ਮਿੱਸਾ ’ ਤੇ ‘ ਦਰੁਸਤ ਹਾਜ਼ਮੇ ਵਾਲਾ ’ ਬਣਾ ਦਿੱਤਾ ਹੈ । ਇੱਥੋਂ ਬੋਲੀ , ਰਹਿਣ – ਸਹਿਣ , ਪਹਿਰਾਵਾ , ਰਸਮ – ਰਿਵਾਜ ਤੇ ਵਿਸ਼ਵਾਸ ਇਸਦੇ ਬਹੁ – ਨਸਲੀ , ਬਹੁ – ਜਾਤੀ ਤੇ ਬਹੁਕੌਮੀ ਸਭਿਆਚਾਰ ਹੋਣ ਵਲ ਇਸ਼ਾਰਾ ਕਰਦੇ ਹਨ ।

ਬਦਲ ਰਿਹਾ ਪੰਜਾਬੀ ਸੱਭਿਆਚਾਰ

ਪੰਜਾਬੀ ਆਪਣੇ ਮਿਹਨਤੀ ਸੁਭਾ ਕਰਕੇ ਵੀ ਇਕ ਮਿਸਾਲ ਬਣੇ ਹਨ , ਜਿਸ ਸਦਕੇ ਇੱਥੋਂ ਦੀ ਹਰੀ – ਕ੍ਰਾਂਤੀ ਨੇ ਦੇਸ਼ ਦੇ ਅੰਨ ਦੇ ਭੰਡਾਰ ਭਰ ਦਿੱਤੇ । ਦਰਿਆਵਾਂ ਦੇ ਰੱਜਵੇਂ ਪਾਣੀਆਂ ਨੇ ਵੀ ਇਸਨੂੰ ਖ਼ੁਸ਼ਹਾਲ ਬਣਾਇਆ , ਪਰੰਤੂ ਅੱਜ ਰਾਜਨੀਤਿਕ ਕਾਰਨਾਂ ਤੇ ਕੁਦਰਤੀ ਸਾਧਨਾਂ ਦੇ ਘਟਣ ਕਰਕੇ ਪੰਜਾਬੀ ਲੋਕ ਪੜ੍ਹ – ਲਿਖ ਕੇ ਬਿਹਤ੍ਰ ਜੀਵਨ ਲਈ ਵਿਦੇਸ਼ਾਂ ਵਿਚ ਜਾ ਵਸੇ ਹਨ , ਜਿਸ ਕਾਰਨ ਪੰਜਾਬੀ ਸਭਿਆਚਾਰ ਤੇ ਪੰਜਾਬੀ ਵਰਤੋਂ – ਵਿਹਾਰ ਬਦਲ ਰਿਹਾ ਹੈ । ਅੱਜ ਪੰਜਾਬੀ ਨੌਜਵਾਨਾਂ ਦੀ ਵਿਦੇਸ਼ਾਂ ਵਲ ਦੌੜ , ਸੁਖਾਲਾ ਜੀਵਨ ਜਿਊਣ ਦੀ ਤਾਂਘ ਆਦਿ ਪੰਜਾਬੀ ਸੱਭਿਆਚਾਰ ਨੂੰ ਖ਼ੂਬ ਪ੍ਰਭਾਵਿਤ ਕਰ ਰਹੇ ਹਨ । ਪਰੰਤੂ ਇਸਦੇ ਬਾਵਜੂਦ ਪੰਜਾਬੀ ਸੱਭਿਆਚਾਰ ਆਪਣੇ ਮੂਲ ਨੂੰ ਕਾਇਮ ਰੱਖ ਕੇ ਵਧ – ਫੁੱਲ ਰਿਹਾ ਹੈ ।

FAQ

ਪ੍ਰਸ਼ਨ – ਪੰਜਾਬੀ ਸੱਭਿਆਚਾਰ ਦੇ ਅਲੋਪ ਹੋਣ ਦੇ ਕੀ ਕਾਰਨ ਹਨ?

ਉੱਤਰ – ਰਾਜਨੀਤਿਕ ਕਾਰਨਾਂ ਤੇ ਕੁਦਰਤੀ ਸਾਧਨਾਂ ਦੇ ਘਟਣ ਕਰਕੇ ਪੰਜਾਬੀ ਲੋਕ ਪੜ੍ਹ – ਲਿਖ ਕੇ ਬਿਹਤ੍ਰ ਜੀਵਨ ਲਈ ਵਿਦੇਸ਼ਾਂ ਵਿਚ ਜਾ ਵਸੇ ਹਨ।

ਪ੍ਰਸ਼ਨ – ਪੰਜਾਬ ਸ਼ਬਦ ਕਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ?

ਉੱਤਰ – ਪੰਜ + ਆਬ ।

ਪ੍ਰਸ਼ਨ – ਸੱਭਿਆਚਾਰ ਦੀ ਪ੍ਰੀਭਾਸ਼ਾ ਦੱਸੋ?

ਉੱਤਰ – ਸਮਾਜਿਕ ਲੋੜਾਂ ਅਨੁਸਾਰ ਮਨੁੱਖ ਰਹਿਣ – ਸਹਿਣ ਦੇ ਜਿਨ੍ਹਾਂ ਅਸੂਲਾਂ ਨੂੰ ਕਿਸੇ ਨਿਯਮ ਅਨੁਸਾਰ ਗ੍ਰਹਿਣ ਕਰਦਾ ਹੈ , ਉਸੇ ਨੂੰ ‘ ਸਭਿਆਚਾਰ ‘ ਕਿਹਾ ਜਾਂਦਾ ਹੈ ।

ਪ੍ਰਸ਼ਨ – ਸੱਭਿਆਚਾਰ ਕਿਹੜੇ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ?

ਉੱਤਰ – ਸੱਭਿਆਚਾਰ ਸ਼ਬਦ ‘ ਸੱਭਯ ‘ ਅਤੇ ‘ ਆਚਾਰ ‘ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ।

ਪ੍ਰਸ਼ਨ – ਪੰਜਾਬੀ ਸੱਭਿਆਚਾਰ ਲੇਖ ਦੇ ਲੇਖਕ ਕੌਣ ਹੈ?

ਉੱਤਰ – ਡਾ. ਬਰਿੰਦਰ ਕੌਰ ।

ਪ੍ਰਸ਼ਨ – ਪੰਜਾਬੀ ਸੱਭਿਆਚਾਰ ਦਾ ਮੂਲ ਸੋਮਾ ਕਿਹੜਾ ਹੈ?

ਉੱਤਰ – ਵੈਦਿਕ ਸਭਿਆਚਾਰ ਦਾ ਮਹਾਨ ਗ੍ਰੰਥ ਅਤੇ ਭਾਰਤੀ ਸਭਿਆਚਾਰ ਦਾ ਮਹਾਨ ਸ੍ਰੋਤ ਰਿਗਵੇਦ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਰਚਿਆ ਗਿਆ ।

ਪ੍ਰਸ਼ਨ – ਉਪ ਸੱਭਿਆਚਾਰ ਕੀ ਹੈ?

ਉੱਤਰ – ਵੱਖ – ਵੱਖ ਜਾਤਾਂ , ਧਰਮਾਂ , ਬੋਲੀਆਂ ਤੇ ਕਿੱਤਿਆਂ ਦੁਆਰਾ ਅਪਣਾਈ ਜੀਵਨ – ਜਾਚ ਉਪ ਸੱਭਿਆਚਾਰ ਅਖਵਾਉਂਦੀ ਹੈ ।

Also Read...

Leave a Comment