Home Punjabi Essay ਪੰਜਾਬ ਦੇ ਮੇਲੇ ਤੇ ਤਿਉਹਾਰ 2023

ਪੰਜਾਬ ਦੇ ਮੇਲੇ ਤੇ ਤਿਉਹਾਰ 2023

0
ਪੰਜਾਬ-ਦੇ-ਮੇਲੇ-ਤੇ-ਤਿਉਹਾਰ

ਪੰਜਾਬ ਦੇ ਮੇਲੇ ਤੇ ਤਿਉਹਾਰ 2023 | ਪੰਜਾਬ ਦੇ ਸੱਭਿਆਚਾਰਕ ਮੇਲੇ | Punjab de mele te tyohar in punjabi | punjab de mele | punjab de tyohar | essay on punjab de mele te tyohar in punjabi

Table Of Contents Show

ਪੰਜਾਬ ਦੇ ਮੇਲੇ ਤੇ ਤਿਉਹਾਰ 2023 [Punjab de mele te tyohar 2023]

ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਮੇਲਿਆਂ ਤੇ ਤਿਉਹਾਰਾਂ ਵਿੱਚੋਂ ਪੂਰੀ ਤਰ੍ਹਾਂ ਪ੍ਰਤਿਬਿੰਬਤ ਹੁੰਦੀ ਹੈ । ਮੇਲਿਆਂ ਵਿੱਚ ਜਾਤੀ ਪੂਰੀ ਖੁੱਲ੍ਹ ਮਾਣਦੀ, ਲੋਕ – ਪ੍ਰਤਿਭਾ ਨਿੱਖਰਦੀ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ ।

ਪੰਜਾਬ ਦੇ ਮੇਲੇ (Punjab de mele)

ਪੰਜਾਬ ਦੇ ਮੇਲੇ ਮਨ – ਪਰਚਾਵੇ ਤੇ ਮੇਲ – ਜੋਲ ਦੇ ਸਾਧਨ ਹੋਣ ਤੋਂ ਇਲਾਵਾ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਤੀ ਕਰਦੇ ਹਨ । ਮੇਲਾ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਹੀ ਸਮਾਇਆ ਹੋਇਆ ਹੈ । ਪੰਜਾਬੀਆਂ ਲਈ ਹਰ ਪਲ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ । ਜਿੱਥੇ ਪੰਜ – ਚਾਰ ਪੰਜਾਬੀ ਜੁੜ ਜਾਣ, ਉਹ ਤੁਰਦਾ – ਫਿਰਦਾ ਮੇਲਾ ਬਣ ਜਾਂਦਾ ਹੈ ।

ਪਰ ਜਦੋਂ ਸੱਚ ਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੋਵੇ, ਫੇਰ ਤਾਂ ਪੰਜਾਬੀਆਂ ਦਾ ਭਖਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ । ਮੇਲਾ ਇੱਕ ਅਜਿਹਾ ਇਕੱਠ ਹੈ, ਜਿਸ ਵਿਚ ਸਾਰੇ ਲਾੜੇ ਹੁੰਦੇ ਹਨ ਪਰ ਬਰਾਤੀ ਕੋਈ ਵੀ ਨਹੀਂ ਹੁੰਦਾ ਮੇਲੇ ਵਿਚ ਪੰਜਾਬੀ ਦਾ ‘ਨਿੱਜ’ ਘੋੜੀ ਚੜ੍ਹਿਆ ਹੁੰਦਾ ਹੈ । ਪੰਜਾਬ ਦੇ ਹਰ ਮੇਲੇ ਦਾ ਆਪਣਾ ਰੰਗ ਤੇ ਚਰਿੱਤਰ ਹੈ । ਇਸ ਦਾ ਹਰ ਦ੍ਰਿਸ਼ ਦਿਲ – ਖਿੱਚਵਾਂ ਹੋਣ ਦੇ ਨਾਲ ਸਭਿਆਚਾਰਕ ਪ੍ਰਤੀਨਿਧਤਾ ਵੀ ਕਰਦਾ ਹੈ।

ਬਜ਼ਾਰ ਦਾ ਉਭਰਨਾ

ਪੰਜਾਬੀ ਹਰ ਪੁਰਬ ਤੇ ਮੇਲੇ ਉੱਤੇ ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਖ਼ਰੀਦਦੇ ਹਨ । ਇਸੇ ਕਰਕੇ ਹਰ ਪੰਜਾਬ ਦੇ ਮੇਲੇ ਵਿਚ ਇਕ ਬਜ਼ਾਰ ਉੱਭਰ ਆਉਂਦਾ ਹੈ, ਜਿੱਥੇ ਖਾਣ – ਪੀਣ ਦੀਆਂ ਭਾਂਤ – ਭਾਂਤ ਦੀਆਂ ਚੀਜ਼ਾਂ ਦੇ ਨਾਲ ਚੂੜੀਆਂ, ਵੰਗਾਂ, ਹਾਰ – ਸ਼ਿੰਗਾਰ ਤੇ ਖਿਡੌਣਿਆਂ ਆਦਿ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ । ਇਲਾਕੇ ਦੇ ਕਲਾਕਾਰ ਤੇ ਸ਼ਿਲਪੀ ਆਪੋ – ਆਪਣੀਆਂ ਕਲਾ – ਕ੍ਰਿਤਾਂ ਮੇਲੇ ਵਿਚ ਲਿਆਉਂਦੇ ਹਨ ।

ਮੇਲਿਆਂ ਦਾ ਕਾਫ਼ਲਾ

ਪੰਜਾਬ ਦੇ ਮੇਲੇ ਕਈ ਤਰ੍ਹਾਂ ਦੇ ਹਨ ਤੇ ਇਨ੍ਹਾਂ ਦਾ ਸਜੀਲਾ ਕਾਫ਼ਲਾ ਸਦਾ ਚਲਦਾ ਰਹਿੰਦਾ ਹੈ । ਪੰਜਾਬ ਦੇ ਮੇਲੇ ਮੌਸਮਾਂ, ਰੁੱਤਾਂ ਅਤੇ ਤਿਉਹਾਰਾਂ ਨਾਲ ਜੁੜੇ ਹੋਏ ਹਨ ।

ਮੌਸਮੀ ਮੇਲੇ [mausami mele]

ਪੰਜਾਬ ਦੇ ਮੇਲੇ ਮੌਸਮ/ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਜਨਮੇ ਹਨ । ਹਰ ਨਵੀਂ ਰੁੱਤ ਆਪਣੇ ਨਾਲ ਨਵੇਂ ਕੁਦਰਤੀ ਵਾਤਾਵਰਨ ਨੂੰ ਲਿਆਉਂਦੀ ਹੈ ਤੇ ਇਨ੍ਹਾਂ ਵਿੱਚੋਂ ਸਭ ਤੋਂ ਮਿੱਠੀ ਤੇ ਹੁਸੀਨ ਰੁੱਤ ਬਸੰਤ ਦੀ ਹੈ । ਇਸ ਸੁਹਾਵਣੀ ਰੁੱਤੇ ਮਾਘ ਸੁਦੀ ਪੰਜ ਨੂੰ ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਵਿਚ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਥਾਂ – ਥਾਂ ਨਿੱਕੇ ਵੱਡੇ ਮੇਲੇ ਲਗਦੇ ਹਨ । ਪਟਿਆਲੇ ਤੇ ਛੇਹਰਟੇ ਦੀ ਬਸੰਤ ਪੰਚਮੀ ਖ਼ਾਸ ਪ੍ਰਸਿੱਧ ਹੈ । ਦੇਸ਼ – ਵੰਡ ਤੋਂ ਪਹਿਲਾਂ ਹਕੀਕਤ ਰਾਇ ਦੀ ਸਮਾਧ ਉੱਤੇ ਲਾਹੌਰ ਵਿਚ ਬਸੰਤ ਦਾ ਇਕ ਵੱਡਾ ਮੇਲਾ ਲਗਦਾ ਹੁੰਦਾ ਸੀ ।

ਹੋਲੀ [Holi]

ਫੱਗਣ ਵਿੱਚ ਹੋਲੀ ਆਉਂਦੀ ਹੈ, ਜੋ ਕਿ ਰੰਗਾਂ ਦਾ ਤਿਉਹਾਰ ਹੈ । ਇਹ ਤਿਉਹਾਰ ਪ੍ਰਾਚੀਨ ਕਾਲ ਤੋਂ ਚਲਿਆ ਆ ਰਿਹਾ ਹੈ । ਕਈ ਹੋਲੀ ਦਾ ਸੰਬੰਧ ਪੁਰਾਣਿਕ ਕਾਲ ਦੇ ਪ੍ਰਹਿਲਾਦ ਭਗਤ ਦੀ ਕਥਾ ਨਾਲ ਜੋੜਦੇ ਹਨ । ਗੁਰੂ ਗੋਬਿੰਦ ਸਿੰਘ ਜੀ ਪੰਜਾਬੀਆਂ ਦੀਆਂ ਬੀਰ – ਭਾਵਨਾਵਾਂ ਨੂੰ ਹੁਲਾਰਾ ਦੇਣ ਲਈ ਹੋਲੀ ਦੇ ਦਿਨ ਆਨੰਦਪੁਰ ਸਾਹਿਬ ਵਿਚ ਇਕ ਦਰਬਾਰ ਸਜਾਇਆ ਕਰਦੇ ਸਨ, ਜਿਸ ਵਿਚ ਸੂਰਮੇ ਇਕੱਠੇ ਹੋ ਕੇ ਸ਼ਸਤਰਾਂ ਦੇ ਕਰਤੱਬ ਵਿਖਾਉਂਦੇ ਸਨ । ਹੁਣ ਵੀ ਹੋਲੇ – ਮਹੱਲੇ ਨੂੰ ਆਨੰਦਪੁਰ ਵਿਚ ਭਾਰੀ ਮੇਲਾ ਜੁੜਦਾ ਹੈ ।

ਤੀਆਂ [tiyaan]

ਸਾਵਣ ਦੀ ਸੁਹਾਵਣੀ ਰੁੱਤੇ ਤੀਆਂ ਦੇ ਮੇਲੇ ਲਗਦੇ ਹਨ । ਪਿੰਡ ਦੀਆਂ ਕੁੜੀਆਂ, ਪਿੱਪਲਾਂ ਹੇਠਾਂ ਪੀਂਘਾਂ ਪਾ ਕੇ ਝਟਦੀਆਂ ਤੇ ਤੀਆਂ ਦੇ ਗੀਤ ਗਾਉਂਦੀਆਂ ਮੇਲਾ ਰਚਾ ਲੈਂਦੀਆਂ ਹਨ ।

ਸਰਪ ਪੂਜਾ [sarp pooja]

ਪੰਜਾਬ ਦੇ ਮੇਲੇ, ਪ੍ਰਾਚੀਨ ਕਾਲ ਤੋਂ ਆ ਰਹੀ ਸਰਪ – ਪੂਜਾ ਦੀ ਦੇਣ ਹਨ । ਪੁਰਾਣੇ ਸਮਿਆਂ ਵਿਚ ਕਿਸਾਨ ਪੈਲੀ ਨੂੰ ਵਾਹੁਣ ਤੋਂ ਪਹਿਲਾਂ ਨਾਗ ਪੂਜਾ ਕਰਦੇ ਸਨ ਅਤੇ ਇਹਨੀਂ ਦਿਨੀਂ ਖੇਤਾਂ ਦੇ ਨੇੜੇ ਮੇਲੇ ਵੀ ਲੱਗਿਆ ਕਰਦੇ ਸਨ । ਇਨ੍ਹਾਂ ਮੇਲਿਆਂ ਨੂੰ ਨਾਗ – ਮਾਹਾ ਕਿਹਾ ਜਾਂਦਾ ਸੀ ।

ਗੁੱਗੇ ਨਾਲ ਸੰਬੰਧਿਤ ਮੇਲੇ

ਪੰਜਾਬ ਦੇ ਵਰਖਾ ਰੁੱਤ ਦੇ ਕੁੱਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ । ਗੁੱਗੇ ਦੀ ਪੂਜਾ ਅਸਲ ਵਿੱਚ ਸਰਪ – ਪੂਜਾ ਦਾ ਹੀ ਵਧੇਰੇ ਸੁਧਰਿਆ ਰੂਪ ਹੈ । ਲੋਕ – ਧਾਰਾ ਅਨੁਸਾਰ ਗੁੱਗਾ ਮੂਲ ਰੂਪ ਵਿਚ ਸੱਪਾਂ ਦਾ ਰਾਜਾ ਸੀ, ਜੋ ਮਨੁੱਖੀ ਜਾਮੇ ਵਿਚ ਸੰਸਾਰ ਵਿਚ ਆਇਆ । ਜਾਪਦਾ ਹੈ ਕਿ ਗੁੱਗਾ ਕੋਈ ਬਹਾਦਰ ਰਾਜਪੂਤ ਯੋਧਾ ਸੀ । ਸਮੇਂ ਦੇ ਬੀਤਣ ਨਾਲ ਇਸ ਦੀ ਬੀਰ – ਗਾਥਾ ਵਿਚ ਲੋਕ – ਧਾਰਾ ਦੇ ਅਨੇਕਾਂ ਤੱਤ ਸਮਾ ਗਏ । ਹੌਲੀ – ਹੌਲੀ ਗੁੱਗੇ ਨੂੰ ਸਰਪ – ਪੂਜਾ ਨਾਲ ਜੋੜ ਲਿਆ ਗਿਆ ।

ਛਪਾਰ ਦਾ ਮੇਲਾ [chhapar da mela]

ਗੁੱਗੇ ਦੀ ਯਾਦ ਵਿਚ ਇਕ ਵੱਡਾ ਮੇਲਾ ਪਿੰਡ ਛਪਾਰ, ਜ਼ਿਲ੍ਹਾ ਲੁਧਿਆਣਾ ਵਿਚ ਭਾਦਰੋਂ ਸੁਦੀ ਚੌਦਾਂ ਨੂੰ ਲਗਦਾ ਹੈ । ਇੱਥੇ ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਇਕ ਮਾੜੀ ਹੈ, ਜਿਸ ਦੀ ਗੁੱਗੇ ਦੇ ਭਗਤਾਂ ਨੇ ਰਾਜਸਥਾਨਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ 1890 ਬਿਕਰਮੀ ਵਿਚ ਸਥਾਪਨਾ ਕੀਤੀ ਤੇ ਉਦੋਂ ਤੋਂ ਹੀ ਇਹ ਮੇਲਾ ਲਗਦਾ ਆ ਰਿਹਾ ਹੈ ।

ਦੇਵੀ ਮਾਤਾ ਦੇ ਮੇਲੇ [devi mata de mele]

ਕੁੱਝ ਪੰਜਾਬ ਦੇ ਮੇਲੇ ਦੇਵੀ ਮਾਤਾ ਨੂੰ ਪਤਿਆਉਣ ਲਈ ਲਗਦੇ ਹਨ । ਦੇਵੀ ਮਾਤਾ ਦੀ ਪੂਜਾ ਇੱਥੇ ਮੁੱਢ ਕਦੀਮ ਤੋਂ ਚਲੀ ਆ ਰਹੀ ਹੈ । ਮੁਹਿੰਜੋਦੜੋ ਤੇ ਹੜੱਪਾ ਦੀ ਖੁਦਾਈ ਤੋਂ ਕੁੱਝ ਮੂਰਤੀਆਂ ਦੇਵੀ ਮਾਤਾ ਦੀਆਂ ਵੀ ਲੱਭੀਆਂ ਹਨ । ਦੇਵੀ ਦਾ ਮੁੱਖ ਅਸਥਾਨ ਜਵਾਲਾ ਮੁਖੀ ਹੈ । ਚਿੰਤਪੁਰਨੀ, ਨੈਨਾ ਤੇ ਮਨਸਾ ਵਿਖੇ ਦੇਵੀ ਦੇ ਹੋਰ ਅਸਥਾਨ ਹਨ । ਦੇਵੀ ਨਾਲ ਸੰਬੰਧਿਤ ਮੇਲੇ ਬਹੁਤੇ ਚੇਤਰ ਤੇ ਅੱਸੂ ਵਿਚ ਨੌਰਾਤਿਆਂ ਦੇ ਦਿਨੀਂ ਲਗਦੇ ਹਨ । ਨਿੱਕੇ – ਨਿੱਕੇ ਮੇਲੇ ਤਾਂ ਕਈ ਥਾਈਂ ਜੁੜਦੇ ਹਨ, ਪਰ ਚੰਡੀਗੜ੍ਹ ਦੇ ਨੇੜੇ ਮਨੀਮਾਜਰਾ ਵਿਚ ਹਰ ਸਾਲ ਦੇਵੀ ਦੇ ਦੋ ਮੇਲੇ ਲਗਦੇ ਹਨ । ਇਸ ਤਰ੍ਹਾਂ ਚਿੰਤਪੁਰਨੀ ਵਿਖੇ ਸਾਲ ਵਿਚ ਤਿੰਨ ਭਰਵੇਂ ਮੇਲੇ ਲਗਦੇ ਹਨ ।

ਜਰਗ ਦਾ ਮੇਲਾ [jarag da mela]

ਇਹ ਮੇਲਾ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਜਰਗ ਪਿੰਡ ਵਿਚ ਸੀਤਲਾ ਦੇਵੀ ਨੂੰ ਖ਼ੁਸ਼ ਕਰਨ ਲਈ ਲਗਦਾ ਹੈ । ਲੋਕਾਂ ਦਾ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਚੇਚਕ ਸੀਤਲਾ ਦੇਵੀ ਦੇ ਪ੍ਰਵੇਸ਼ ਕਰਨ ਨਾਲ ਨਿਕਲਦੀ ਹੈ । ਜਿਨ੍ਹਾਂ ਮਾਂਵਾਂ ਦੇ ਬੱਚੇ ਅਰੋਗ ਹੋ ਜਾਂਦੇ ਹਨ, ਉਹ ਖ਼ਾਸ ਤੌਰ ਉੱਤੇ ਜਰਗ ਦੇ ਮੇਲੇ ਤੇ ਸੁਖਣਾ ਦੇਣ ਆਉਂਦੀਆਂ ਹਨ । ਇਹ ਮੇਲਾ ਇਕ ਟੋਭੇ ਦੁਆਲੇ ਲਗਦਾ ਹੈ ।

ਮਾਤਾ ਦੀ ਪੂਜਾ ਕਰਨ ਵਾਲੇ ਟੋਭੇ ਵਿੱਚੋਂ ਮਿੱਟੀ ਕੱਢ, ਇਕ ਮਟੀਲਾ ਖੜ੍ਹਾ ਕਰ ਲੈਂਦੇ ਹਨ ਤੇ ਇਸ ਨੂੰ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ । ਇਸ ਮੇਲੇ ਵਿਚ ਦੇਵੀ ਮਾਤਾ ਨੂੰ ਬਹਿੜੀਏ (ਬਹੇ ਗੁਲਗੁਲੇ) ਭੇਟ ਕੀਤੇ ਜਾਂਦੇ ਹਨ, ਜਿਸ ਕਰਕੇ ਇਸ ਮੇਲੇ ਨੂੰ ‘ਬਹਿੜੀਏ ਦਾ ਮੇਲਾ’ ਵੀ ਕਿਹਾ ਜਾਂਦਾ ਹੈ ।

ਜਿਨ੍ਹਾਂ ਲੋਕਾਂ ਨੇ ਸੁੱਖਾਂ ਸੁੱਖੀਆਂ ਹੁੰਦੀਆਂ ਹਨ, ਉਹ ਮੇਲੇ ਤੋਂ ਇਕ ਦਿਨ ਪਹਿਲਾਂ ਮਾਈ ਦੀ ਭੇਟਾ ਲਈ ਗੁਲਗੁਲੇ ਪਕਾ ਕੇ ਪਹਿਲਾਂ ਸੀਤਲਾ ਦੇਵੀ ਦੇ ਵਾਹੁਣ ਖੋਤੇ ਨੂੰ ਖਵਾਉਂਦੇ ਹਨ ਤੇ ਫਿਰ ਕੁੱਝ ਵੰਡਦੇ ਤੇ ਕੁੱਝ ਆਪ ਖਾਂਦੇ ਹਨ । ਪਕਾ ਕੇ ਪਹਿਲੇ ਇਸ ਮੇਲੇ ਵਿਚ ਖੋਤਿਆਂ ਦੀ ਕਦਰ ਹੋਣ ਕਰਕੇ ਘੁਮਿਆਰ ਆਪਣੇ ਖੋਤਿਆਂ ਨੂੰ ਸਜਾ – ਸ਼ਿੰਗਾਰ ਕੇ ਲਿਆਉਂਦੇ ਹਨ ।

ਪੀਰਾਂ – ਫ਼ਕੀਰਾਂ ਦੀ ਸ਼ਰਧਾ ਵਿਚ ਮੇਲੇ

ਪੰਜਾਬੀਆਂ ਦੇ ਦਿਲਾਂ ਵਿਚ ਪੀਰਾਂ – ਫ਼ਕੀਰਾਂ ਲਈ ਅਪਾਰ ਸ਼ਰਧਾ ਭਰੀ ਪਈ ਹੈ, ਜਿਸ ਕਰਕੇ ਉਨ੍ਹਾਂ ਦੀਆਂ ਖ਼ਾਨਗਾਹਾਂ, ਹੁਜ਼ਰਿਆਂ ਤੇ ਤਕੀਆਂ ਉੱਤੇ ਮੇਲੇ ਲਗਦੇ ਹਨ । ਪੰਜਾਬ ਦੇ ਮੇਲੇ ਸੁਭਾ ਵਿਚ ਭਾਵੇਂ ਧਾਰਮਿਕ ਹਨ, ਪਰ ਸਮੇਂ ਦੇ ਗੇੜ ਨਾਲ ਇਹ ਸਾਂਝੇ ਮੇਲਿਆਂ ਦਾ ਰੂਪ ਧਾਰਨ ਕਰ ਗਏ ।

ਜਗਰਾਵਾਂ ਦੀ ਰੌਸ਼ਨੀ [jagrava di roshni]

ਰੌਸ਼ਨੀ ਦਾ ਮੇਲਾ, ਜਗਰਾਵਾਂ ਵਿੱਚ ਸੂਫ਼ੀ ਫ਼ਕੀਰ ਅਬਦੁੱਲ ਕਾਦਰ ਜਿਲਾਨੀ ਦੀ ਕਬਰ ਉੱਤੇ ਹਰ ਸਾਲ 14, 15 ਤੇ 16 ਫੱਗਣ ਨੂੰ ਲਗਦਾ ਹੈ । ਭਾਵੇਂ ਇਹ ਮੇਲਾ ਮੁਸਲਮਾਨੀ ਮੂਲ ਦਾ ਹੈ, ਪਰ ਇਲਾਕੇ ਦੇ ਹਿੰਦੂ – ਸਿੱਖ ਵੀ ਇਸ ਮੇਲੇ ਵਿਚ ਹੁੰਮ – ਹੁਮਾ ਕੇ ਸ਼ਾਮਲ ਹੁੰਦੇ ਹਨ ਦੇਸ਼ ਦੀ ਵੰਡ ਪਿੱਛੋਂ ਮੁਸਲਮਾਨਾਂ ਦੇ ਪੰਜਾਬ ਵਿੱਚੋਂ ਹਿਜਰਤ ਕਰ ਜਾਣ ਮਗਰੋਂ ਵੀ ਇਹ ਮੇਲਾ ਪਹਿਲਾਂ ਵਾਂਗ ਹੀ ਲੱਗ ਰਿਹਾ ਹੈ । ਇਸ ਮੇਲੇ ਦਾ ਨਾਉਂ ਰੌਸ਼ਨੀ ਇਸ ਕਰਕੇ ਪਿਆ ਕਿਉਂਕਿ ਮੇਲੇ ਦੇ ਦਿਨੀਂ ਪੀਰ ਦੀ ਕਬਰ ਉੱਤੇ ਅਨੇਕਾਂ ਚਿਰਾਗ ਬਾਲੇ ਜਾਂਦੇ ਹਨ, ਜਿਨ੍ਹਾਂ ਦੀ ਰੌਸ਼ਨੀ ਅਲੌਕਿਕ ਦ੍ਰਿਸ਼ ਪੇਸ਼ ਕਰਦੀ ਹੈ ।

ਹੈਦਰ ਸ਼ੇਖ ਦਾ ਮੇਲਾ [haider sheikh da mela]

ਮਲੇਰਕੋਟਲੇ ਵਿੱਚ ਹੈਦਰ ਸ਼ੇਖ ਦੇ ਮਕਬਰੇ ਉੱਤੇ ਨਿਮਾਣੀ ਇਕਾਦਸ਼ੀ ਨੂੰ ਇੱਕ ਭਾਰੀ ਮੇਲਾ ਲਗਦਾ ਹੈ । ਮਲੇਰਕੋਟਲੇ ਵਿੱਚ ਹੀ ਪੋਹ ਦੇ ਪਹਿਲੇ ਵੀਰਵਾਰ ਨੂੰ ਸਖੀ ਸਰਵਰ ਦਾ ਇੱਕ ਹੋਰ ਮੇਲਾ ਲਗਦਾ ਹੈ, ਜਿਸ ਨੂੰ ‘ਨਿਗਾਹਾ ਮੇਲਾ” ਆਖਦੇ ਹਨ ।

ਗੁਰੂ ਸਾਹਿਬਾਂ ਦੀ ਸਿਮਰਤੀ ਵਿਚ ਮੇਲੇ

ਪੰਜਾਬ ਦੀ ਚੱਪਾ – ਚੱਪਾ ਧਰਤੀ ਗੁਰੂਆਂ ਦੇ ਜੀਵਨ ਦੇ ਕਿਸੇ ਨਾ ਕਿਸੇ ਪ੍ਰਸੰਗ ਨਾਲ ਜੁੜੀ ਹੋਈ ਹੈ । ਗੁਰੂਆਂ ਦੇ ਪਾਵਨ ਸਥਾਨਾਂ ਉੱਤੇ ਖ਼ਾਸ – ਖ਼ਾਸ ਤਿੱਥਾਂ ਨੂੰ ਮੇਲੇ ਲਗਦੇ ਰਹਿੰਦੇ ਹਨ । ਪੱਛਮੀ ਪੰਜਾਬ ਵਿਚ ਹਰ ਪੂਰਨਮਾਸ਼ੀ ਨੂੰ ਪੰਜਾ ਸਾਹਿਬ ਵਿਚ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿੱਚ ਭਾਰੀ ਮੇਲਾ ਲਗਦਾ ਹੁੰਦਾ ਸੀ । ਲਾਹੌਰ ਵਿਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਉੱਤੇ ਡੇਰਾ ਸਾਹਿਬ ਵਿੱਚ ‘ਜੋੜ – ਮੇਲੇ’ ਦਾ ਮੇਲਾ ਲਗਦਾ ਹੁੰਦਾ ਸੀ ਭਾਰਤੀ ਪੰਜਾਬ ਵਿਚ ਮੁਕਤਸਰ, ਤਰਨ ਤਾਰਨ, ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਆਦਿ ਵਿਖੇ ਗੁਰੂ ਸਾਹਿਬਾਂ ਦੀ ਯਾਦ ਵਿਚ ਮੇਲੇ ਲਗਦੇ ਹਨ, ਜਿਨ੍ਹਾਂ ਵਿਚੋਂ ਦੋ – ਤਿੰਨ ਖ਼ਾਸ ਪ੍ਰਸਿੱਧ ਮੇਲਿਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ।

ਮੁਕਤਸਰ ਦਾ ਮੇਲਾ [muktsar da mela]

ਇਹ ਮੇਲਾ ਮਾਘੀ ਵਾਲੇ ਦਿਨ ਮੁਕਤਸਰ ਵਿਚ ਲਗਦਾ ਹੈ । ਇਸ ਦਾ ਸੰਬੰਧ 1705 ਈ: ਦੀ ਉਸ ਇਤਿਹਾਸਿਕ ਘਟਨਾ ਨਾਲ ਹੈ, ਜਦੋਂ ਸਰਹਿੰਦ ਦੇ ਸੂਬੇ, ਵਜ਼ੀਰ ਖਾਂ ਦੀਆਂ ਫ਼ੌਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀਆਂ ਮਾਲਵੇ ਦੇ ਇਲਾਕੇ ਵਿਚ ਆਈਆਂ, ਤਾਂ ਸਿੰਘਾਂ ਨੇ ਖਿਦਰਾਣੇ (ਅਜੋਕਾ ਮੁਕਤਸਰ) ਦੀ ਢਾਬ ਦੇ ਕੰਢੇ ਉਨ੍ਹਾਂ ਦਾ ਮੁਕਾਬਲਾ ਕੀਤਾ ।

ਇਸੇ ਯੁੱਧ ਵਿਚ ਚਾਲੀ ਸਿੰਘ, ਜੋ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ, ਸ਼ਹੀਦ ਹੋਏ । ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੇ ਸਿੰਘ ਦੀ ਬੇਨਤੀ ਮੰਨ ਕੇ ਬੇਦਾਵਾ ਪਾੜ ਦਿੱਤਾ ਤੇ ਉਨ੍ਹਾਂ ਨਾਲ ਟੁੱਟੀ ਗੰਢ ਲਈ । ਗੁਰੂ ਜੀ ਨੇ ਇਨ੍ਹਾਂ ਸ਼ਹੀਦ ਸਿੰਘਾਂ ਨੂੰ ‘ਮੁਕਤੇ‘ ਕਹਿ ਕੇ ਸਨਮਾਨਿਆ ਅਤੇ ਇਸ ਥਾਂ ਦਾ ਨਾਂ ਮੁਕਤਸਰ ਰੱਖਿਆ । ਮਾਘੀ ਵਾਲੇ ਇਸ਼ਨਾਨ ਕਰਦੀਆਂ ਹਨ ।

ਜਥੇਦਾਰ ਮਹਾਂ ਦਿਨ ਸੰਗਤਾਂ ਹੁੰਮ – ਹੁਮਾ ਕੇ ਇੱਥੇ ਆਉਂਦੀਆਂ ਹਨ ਅਤੇ ਪਾਵਨ ਸਰੋਵਰ ਵਿਚ ਆਨੰਦਪੁਰ ਸਾਹਿਬ ਦਾ ਹੋਲਾ – ਮਹੱਲਾਹੋਲੀ ਤੋਂ ਅਗਲੇ ਦਿਨ, ਚੇਤ ਵਦੀ ਪਹਿਲੀ ਨੂੰ, ਆਨੰਦਪੁਰ ਸਾਹਿਬ ਵਿਚ ਸ੍ਰੀ ਕੇਸਗੜ੍ਹ ਵਿਖੇ ਇੱਕ ਭਾਰੀ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ – ਮਹੱਲਾ‘ ਕਿਹਾ ਜਾਂਦਾ ਹੈ । ਇਸ ਦਿਨ ਗੁਰੂ ਗੋਬਿੰਦ ਸਿੰਘਜੀ ਸਿੰਘਾਂ ਨੂੰ ਸ਼ਸਤਰ – ਵਿੱਦਿਆ ਵਿਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ ਉਨ੍ਹਾਂ ਵਿਚ ਮਸਨੂਈ ਲੜਾਈ ਕਰਵਾਉਂਦੇ ਤੇ ਬਹਾਦਰ, ਯੋਧਿਆਂ ਨੂੰ ਸਿਰੋਪੇ ਬਖ਼ਸ਼ਦੇ ਸਨ । ਉਦੋਂ ਤੋਂ ਹਰ ਸਾਲ ਆਨੰਦਪੁਰ ਸਾਹਿਬ ਵਿਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ ।

ਤਰਨ ਤਾਰਨ ਦੀ ਮੱਸਿਆ

ਤਰਨ ਤਾਰਨ ਵਿਖੇ ਉਂਞ ਤਾਂ ਹਰ ਮੱਸਿਆ ਨੂੰ ਹੀ ਮੇਲਾ ਲਗਦਾ ਹੈ ਪਰ ਭਾਦੋਂ ਦੀ ਮੱਸਿਆ ਨੂੰ ਇਕ ਬੜਾ ਭਾਰੀ ਉਤਸਵ ਮਨਾਇਆ ਜਾਂਦਾ ਹੈ । ਲੋਕੀਂ ਦੂਰੋਂ – ਦੂਰੋਂ ਹੁੰਮ – ਹੁਮਾ ਕੇ ਇਸ ਮੇਲੇ ਵਿਚ ਆਉਂਦੇ ਹਨ । ਹੋਰ ਜੋੜ ਮੇਲੇ — ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਸਥਾਨਾਂ ‘ਤੇ ਵੀ ਮੋਰਿੰਡਾ, ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਵਿਚ ਵੱਡੇ ਜੋੜ – ਮੇਲੇ ਲਗਦੇ ਹਨ । ਪੰਜਾਬੀਆਂ ਦਾ ਆਪਣੇ ਮਹਿਬੂਬ ਪ੍ਰੇਮੀਆਂ ਤੇ ਕਵੀਆਂ ਪ੍ਰਤੀ ਵੀ ਸਨੇਹ ਤੇ ਸ਼ਰਧਾ ਹੈ । ਲਾਹੌਰ ਵਿਚ ਹਰ ਸਾਲ ਦੋ ਮੇਲੇ ਸ਼ਾਹ ਹੁਸੈਨ ਦੀ ਮਜ਼ਾਰ ਉੱਤੇ ਲਗਦੇ ਹਨ । ਹੀਰ ਦੀ ਯਾਦ ਵਿਚ ਉਸ ਦੀ ਕਬਰ ਉੱਤੇ ਝੰਗ ਵਿਚ ਇੱਕ ਮੇਲਾ ਲਗਦਾ ਹੈ ।

ਪੰਜਾਬ ਦੇ ਤਿਉਹਾਰ [punjab de tyohar]

ਪੰਜਾਬ ਵਿਚ ਤਿਉਹਾਰਾਂ ਦਾ ਲੰਮਾ ਕਾਫ਼ਲਾ ਤੁਰਿਆ ਰਹਿੰਦਾ ਹੈ । ਚੰਨ ਦੀਆਂ ਤਿਥਾਂ ਨਾਲ ਸੰਬੰਧਿਤ ਪੁਰਬ ਏਕਾਦਸ਼ੀ, ਪੂਰਨਮਾਸ਼ੀ ਤੇ ਮੱਸਿਆ ਤੇ ਹਰ ਮਹੀਨੇ ਆਉਂਦੀ ਸੰਗਰਾਂਦ ਪੰਜਾਬ ਦੇ ਤਿਉਹਾਰ ਹੀ ਹਨ ।

ਨਵਾਂ ਸੰਮਤ

ਪੰਜਾਬ ਵਿਚ ਚੇਤਰ ਦੀ ਏਕਮ ਨੂੰ ‘ਨਵਾਂ ਸੰਮਤ’ ਮਨਾਇਆ ਜਾਂਦਾ ਹੈ । ਇਸ ਰੁੱਤ ਵਿਚ ਬਹਾਰ ਭਰ ਜੋਬਨ ਵਿਚ ਹੁੰਦੀ ਹੈ ਇਸ ਦਿਨ ਨਵੀਂ ਕਣਕ ਦੀਆਂ ਬੋਲੀਆਂ ਤੇ ਛੋਲਿਆਂ ਦੀਆਂ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ । ਇਸ ਰੀਤ ਨੂੰ ‘ਅੰਨ ਨਵਾਂ ਕਰਨਾ’ ਕਹਿੰਦੇ ਹਨ ।

ਦੇਵੀ ਪੂਜਾ [devi pooja]

ਚੇਤਰ ਸੁਦੀ ਅੱਠਵੀਂ ਨੂੰ ਦੇਵੀ ਦੇ ਉਪਾਸ਼ਕ ਕੰਜਕਾਂ ਕਰਦੇ ਹਨ । ਇਸ ਦਿਨ ਪੰਜ – ਕੁਆਰੀਆਂ ਕੁੜੀਆਂ, ਜਿਨ੍ਹਾਂ ਨੂੰ ‘ਕੰਜਕਾਂ’ ਕਹਿੰਦੇ ਹਨ, ਨੂੰ ਦੇਵੀ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਕੜਾਹ – ਪੂੜੀਆਂ ਖੁਆ ਕੇ ਕੁੱਝ ਕੇ. ਪੈਸੇ ਦੱਛਣਾ ਵਜੋਂ ਭੇਟ ਕੀਤੇ ਜਾਂਦੇ ਹਨ ।

ਰਾਮ ਨੌਵੀਂ [ram Naomi]

ਚੇਤਰ ਸੁਦੀ ਨੌਂ ਨੂੰ ਰਾਮ – ਨੌਵੀਂ ਦਾ ਤਿਉਹਾਰ ਹੁੰਦਾ ਹੈ । ਇਸ ਤਿਥ ਨੂੰ ਸ੍ਰੀ ਰਾਮ ਚੰਦਰ ਜੀ ਨੇ ਜਨਮ ਲਿਆ ਸੀ । ਰਾਮ ਨੌਵੀਂ ਨੂੰ ਮੰਦਰਾਂ ਵਿਚ ਸ੍ਰੀ ਰਾਮ ਚੰਦਰ ਜੀ ਦੀ ਮਹਿਮਾ ਵਿਚ ਭਜਨ ਗਾਏ ਜਾਂਦੇ ਹਨ ਅਤੇ ਪਾਣੀ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ ।

ਤੀਆਂ [tiyaan]

ਸਾਵਣ ਦੇ ਮੀਹਾਂ ਦੀ ਰੁੱਤ ਦਾ ਰਸ ਤੇ ਸਵਰਗੀ ਝੂਟਾ ਮਾਣਨ ਲਈ ਸਾਵਣ ਦੀ ਤੀਜੀ ਤਿਥ ਨੂੰ ਤੀਆਂ ਮਨਾਈਆਂ ਜਾਂਦੀਆਂ ਹਨ । ਇਹ ਤਿਉਹਾਰ ਸਾਵਣ ਦੀ ਤੀਜੀ ਤਿੱਥ ਤੋਂ ਪੂਰਨਮਾਸ਼ੀ ਤਕ ਚਲਦਾ ਹੈ ।

ਰੱਖੜੀ [rakhdi]

ਰੱਖੜੀ ਦਾ ਤਿਉਹਾਰ ਸਾਵਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ । ਇਹ ਤਿਉਹਾਰ ਭੈਣ – ਭਰਾ ਦੇ ਨਿਰਮਲ ਪਿਆਰ ਤੇ ਇੱਕ – ਦੂਜੇ ਪ੍ਰਤੀ ਨਿਰਛਲ ਭਾਵਨਾਵਾਂ ਦਾ ਬੋਧਕ ਹੈ । ਭੈਣਾਂ ਬੜੇ ਚਾਅ ਨਾਲ ਭਰਾਵਾਂ ਦੀ ਵੀਣੀ ‘ਤੇ ਰੱਖੜੀ ਦਾ ਸੂਤਰ ਬੰਨ੍ਹਦੀਆਂ ਹਨ ।

ਗੁੱਗਾ ਨੌਵੀਂ [goga naomi]

ਭਾਦਰੋਂ ਦੇ ਮਹੀਨੇ ਗੁੱਗਾ ਨੌਵੀਂ ਦਾ ਤਿਉਹਾਰ ਆਉਂਦਾ ਹੈ ਗੁੱਗੇ ਦੇ ਭਗਤ ਗੁੱਗੇ ਨੂੰ ਪ੍ਰਸੰਨ ਕਰਨ ਲਈ ਸੱਪਾਂ ਦੀਆਂ ਖੁੱਡਾਂ ਵਿਚ ਕੱਚੀ ਲੱਸੀ ਪਾਉਂਦੇ ਹਨ ।ਘਰਾਂ ਵਿਚ ਮਿੱਠੀਆਂ ਸੇਵੀਆਂ ਰਿੰਨ੍ਹੀਆਂ ਜਾਂਦੀਆਂ ਹਨ ।

ਜਨਮ – ਅਸ਼ਟਮੀ [janam asthmi]

ਭਾਦਰੋਂ ਦੀ ਕ੍ਰਿਸ਼ਨ – ਪੱਖ ਦੀ ਅੱਠਵੀਂ ਨੂੰ ‘ਜਨਮ ਅਸ਼ਟਮੀ’ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇਸ ਦਿਨ ਸ੍ਰੀ ਕ੍ਰਿਸ਼ਨ ਜੀ ਨੇ ਜਨਮ ਧਾਰਿਆ ਸੀ ।

ਸਰਾਧ [sharadh]

ਅੱਸੂ ਦੇ ਮਹੀਨੇ ਹਨੇਰੇ – ਪੱਖ ਦੀਆਂ ਪੰਦਰਾਂ ਤਿਥਾਂ ਨੂੰ ਸਰਾਧ ਕੀਤੇ ਜਾਂਦੇ ਹਨ । ਸਰਾਧ ਇਕ ਧਾਰਮਿਕ ਰੀਤ ਹੈ, ਜਿਸ ਦਾ ਮਨੋਰਥ ਪਿੱਤਰਾਂ ਨੂੰ ਅਗਲੇ ਲੋਕ ਵਿਚ ਭੋਜਨ ਪੁਚਾਉਣਾ ਹੈ ।

ਨੌਂ-ਨਰਾਤੇ

ਸਰਾਧਾਂ ਦੇ ਖ਼ਤਮ ਹੁੰਦਿਆਂ ਹੀ ਨੌਰਾਤੇ ਸ਼ੁਰੂ ਹੋ ਜਾਂਦੇ ਹਨ, ਜੋ ਅੱਸੂ ਮਹੀਨੇ ਦੇ ਚਾਨਣ – ਪੱਖ ਦੀ ਏਕਮ ਤੋਂ ਨੌਵੀਂ ਤਿਥ ਤਕ ਰਹਿੰਦੇ ਹਨ । ਇਨ੍ਹਾਂ ਤਿਥਾਂ ਵਿਚ ਮਾਤਾ ਗੌਰਜਾਂ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ । ਇਹ ਤਿਥਾਂ ਮੰਗਲ ਕਾਰਜਾਂ ਲਈ ਬੜੀਆਂ ਸ਼ੁੱਭ ਮੰਨੀਆਂ ਜਾਂਦੀਆਂ ਹਨ ।

ਗੌਰਜਾਂ ਦੀ ਖੇਤੀ

ਪਹਿਲੇ ਨੌਰਾਤੇ ਵਾਲੇ ਦਿਨ ਕੁੜੀਆਂ ਘਰ ਦੀ ਕਿਸੇ ਨੁੱਕਰੇ ਜਾਂ ਕੋਰੇ ਕੁੱਜੇ ਵਿਚ ਜੌਂ ਬੀਜਦੀਆਂ ਹਨ, ਜਿਸ ਨੂੰ ‘ਖੇਤਰੀ’ ਜਾਂ ‘ਗੌਰਜਾਂ ਦੀ ਖੇਤੀ’ ਕਿਹਾ ਜਾਂਦਾ ਹੈ । ਦੁਸਹਿਰੇ ਵਾਲੇ ਦਿਨ ਤਕ ਇਸ ਖੇਤਰੀ ਵਿੱਚੋਂ ਜੌਆਂ ਦੇ ਬੁੰਬਲ ਨਿਕਲ ਆਉਂਦੇ ਹਨ ਤੇ ਕੁੜੀਆਂ ਇਨ੍ਹਾਂ ਬੰਬਲਾਂ ਨੂੰ ਆਪਣੇ ਅੰਗਾਂ – ਸਾਕਾਂ ਦੀਆਂ ਪੱਗਾਂ ਵਿੱਚ ਟੁੰਗਦੀਆਂ ਤੇ ਉਨ੍ਹਾਂ ਤੋਂ ਸ਼ਗਨ ਵਜੋਂ ਭੇਟਾ ਲੈਂਦੀਆਂ ਹਨ ।

ਸਾਂਝੀ ਦੇਵੀ ਦੀ ਪੂਜਾ

ਸਾਂਝੀ ਦੇਵੀ ਦੀ ਪੂਜਾ ਕਰਨ ਲਈ ਪਹਿਲੇ ਨੌਰਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ੍ਹ ਕੇ ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤੀ ਬਣਾ ਲਈ ਜਾਂਦੀ ਹੈ । ਉਸ ਨੂੰ ਫੁੱਲਾਂ, ਕੌਡੀਆਂ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ । ਇਕ ਪਾਸੇ ਚੰਨ ਚੜ੍ਹਦਾ ਤੇ ਦੂਜੇ ਪਾਸੇ ਸੂਰਜ ਡੁੱਬਦਾ ਵਿਖਾਇਆ ਜਾਂਦਾ ਹੈ । ਕਈ ਘਰਾਂ ਵਿਚ ਸਾਂਝੀ ਦੇਵੀ ਦੀ ਮੂਰਤੀ ਦੀ ਥਾਂ ਉਸ ਦਾ ਚਿਤਰ ਹੀ ਬਣਾਇਆ ਜਾਂਦਾ ਹੈ ਤੇ ਪੂਜਾ ਹਰ ਰੋਜ਼ ਸ਼ਾਮ ਵੇਲੇ ਜਾਂ ਨਦੀ – ਨਾਲੇ ਵਿਚ ਜਲ ਕੀਤੀ ਜਾਂਦੀ ਹੈ । ਦੁਸਹਿਰੇ ਵਾਲੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕਿਸੇ ਟੋਭੇ ਜਾਂ ਪ੍ਰਵਾਹ ਕਰ ਦਿੱਤਾ ਜਾਂਦਾ ਹੈ ।

ਰਾਮ – ਲੀਲ੍ਹਾ ਤੇ ਦੁਸਹਿਰਾ [ram leela te dussehra]

ਨੌਰਾਤਿਆਂ ਵਿਚ ਹੀ ਕਸਬਿਆਂ ਤੇ ਸ਼ਹਿਰਾਂ ਵਿਚ ਰਾਮ – ਲੀਲ੍ਹਾ ਖੇਡੀ ਜਾਂਦੀ ਹੈ । ਦਸਵੇਂ ਨੌਰਾਤੇ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ ।

ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ

ਕੱਤਕ ਦੀ ਪੂਰਨਮਾਸ਼ੀ ਨੂੰ ਸਾਰੇ ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ, ਬੜੀ ਧੂਮ – ਧਾਮ ਨਾਲ ਮਨਾਇਆ ਜਾਂਦਾ ਹੈ ।

ਕਰਵਾ ਚੌਥ [karva chauth]

ਕੱਤਕ ਦੇ ਹਨੇਰੇ ਪੱਖ ਦੀ ਚੌਥੀ ਤਿਥ ਨੂੰ ‘ਕਰਵਾ ਚੌਥ’ ਦਾ ਪੁਰਬ ਆਉਂਦਾ ਹੈ । ਇਸ ਦਿਨ ਸੁਹਾਗਣ ਇਸਤਰੀਆਂ ਨਿਰਜਲ ਵਰਤ ਰੱਖ ਕੇ ਆਪਣੇ – ਆਪਣੇ ਪਤੀ ਦੀ ਲੰਮੀ ਉਮਰ ਲਈ ਕਾਮਨਾ ਕਰਦੀਆਂ ਤੇ ਅਹੋਈ ਦੇਵੀ ਦੀ ਪੂਜਾ ਹੁੰਦੀਆਂ ਹਨ ।

ਦੀਵਾਲੀ [diwali]

ਕੱਤਕ ਦਾ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਹੈ, ਜੋ ਮੱਸਿਆ ਨੂੰ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ । ਹੈ ਲੋਕੀਂ ਆਪਣੇ ਘਰਾਂ ਨੂੰ ਲਿੱਪ – ਪੋਚ ਕੇ ਸ਼ਿੰਗਾਰ ਲੈਂਦੇ ਹਨ । ਲੋਕੀਂ ਘਰ ਦੀਆਂ ਦੀਵਾਰਾਂ ਉੱਤੇ ਲੱਛਮੀ ਦੇਵੀ, ਉਸ ਦਾ ਵਾਹਣ ਮੋਰ ਅਤੇ ਫੁੱਲ, ਵੇਲਾਂ ਤੇ ਬੂਟੇ ਉਲੀਕ ਕੇ ਉਨ੍ਹਾਂ ਵਿਚ ਰੰਗ ਭਰਦੇ ਹਨ । ਰਾਤ ਸਮੇਂ ਘਰਾਂ ਦੇ ਅੰਦਰ – ਬਾਹਰ ਤੇ ਬਨੇਰਿਆਂ ਉੱਤੇ ਦੀਵਿਆਂ ਨੂੰ ਪਾਲਾਂ ਵਿਚ ਸਜਾ ਕੇ ਬਾਲਿਆ ਜਾਂਦਾ ਹੈ । ਇਸ ਰਾਤ ਕਈ ਲੋਕ ਲੱਛਮੀ ਦੇਵੀ ਦੀ ਪੂਜਾ ਕਰਦੇ ਹਨ । ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦਾ ਜਲੌ ਵੇਖਣ ਵਾਲਾ ਹੁੰਦਾ ਹੈ । ਇ੍ੱਕ ਕਥਨ ਵੀ ਪ੍ਰਸਿੱਧ ਹੈ-

ਦਾਲ-ਰੋਟੀ ਘਰ ਦੀ,
ਦੀਵਾਲੀ ਅੰਮ੍ਰਿਤਸਰ ਦੀ।

ਅੰਮ੍ਰਿਤਸਰ ਵਿਚ ਦੀਵਾਲੀ ਦਾ ਮੁੱਢ ਗੁਰੂ ਹਰਿਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋ ਕੇ ਇੱਥੇ ਪੁੱਜਣ ਦੇ ਦਿਨ ਤੋਂ ਬੱਝਾ । ਮਿਥਿਹਾਸ ਅਨੁਸਾਰ ਸ੍ਰੀ ਰਾਮ ਚੰਦਰ ਜੀ ਦੇ ਰਾਵਣ ਉੱਤੇ ਵਿਜੈ ਪ੍ਰਾਪਤ ਕਰਨ ਪਿੱਛੋਂ ਸੀਤਾ ਜੀ ਨੂੰ ਨਾਲ ਲੈ ਕੇ ਅਯੁਧਿਆ ਪਰਤਣ ਦੇ ਦਿਨ ਤੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ।

ਲੋਹੜੀ [Lohri]

ਪੋਹ ਦੇ ਮਹੀਨੇ ਦੇ ਅੰਤਮ ਦਿਨ ਲੋਹੜੀ ਮਨਾਈ ਜਾਂਦੀ ਹੈ ।ਲੋਹੜੀ ਤੋਂ ਕੁੱਝ ਦਿਨ ਪਹਿਲਾਂ ਛੋਟੇ – ਛੋਟੇ ਬੱਚੇ ਟੋਲੀਆਂ ਬਣਾ ਕੇ ਸੁਰੀਲੀ ਲੈ ਵਿੱਚ ਗੀਤ ਅਲਾਪਦੇ ਹੋਏ ਲੋਹੜੀ ਲਈ ਲੱਕੜਾਂ ਤੇ ਗੋਹੇ ਆਦਿ ਇਕੱਠੇ ਕਰਦੇ ਹਨ ।ਲੋਹੜੀ ਵਾਲੀ ਰਾਤ ਉਂਞ ਤਾਂ ਹਰ ਗਲੀ – ਮੁਹੱਲੇ ਵਿਚ ਹੀ ਲੋਹੜੀ ਬਾਲੀ ਜਾਂਦੀ ਹੈ, ਪਰ ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਨਵਾਂ-ਨਵਾਂ ਵਿਆਹ ਹੋਇਆ ਹੋਵੇ, ਉਹ ਲੋਹੜੀ ਨੂੰ ਉਚੇਚੇ ਸ਼ਗਨਾਂ ਨਾਲ ਮਨਾਉਂਦੇ ਹਨ ਤੇ ਗਲੀ – ਮੁਹੱਲੇ ਵਿਚ ਗੁੜ ਤੇ ਚਿੜਵੇ ਰਿਉੜੀਆਂ ਵੰਡਦੇ ਹਨ ।

ਮਕਰ ਸੰਕ੍ਰਾਂਤੀ ਤੇ ਸ਼ਿਵਰਾਤਰੀ

ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ ਆਉਂਦਾ ਹੈ, ਜਿਸ ਨੂੰ ‘ਮਕਰ ਸੰਕ੍ਰਾਂਤੀ’ ਵੀ ਕਿਹਾ ਜਾਂਦਾ ਹੈ । ਮੁਕਤਸਰ ਦਾ ਪ੍ਰਸਿੱਧ ਮੇਲਾ ਮਾਘੀ ਨੂੰ ਹੀ ਲਗਦਾ ਹੈ । ਫੱਗਣ ਦੀ ਮੱਸਿਆ ਨੂੰ ਸ਼ਿਵਰਾਤਰੀ ਦਾ ਪੁਰਬ ਆਉਂਦਾ ਹੈ ।

ਇਸ ਪ੍ਰਕਾਰ ਪੰਜਾਬ ਦੇ ਮੇਲੇ ਤੇ ਤਿਉਹਾਰਾਂ ਦਾ ਕਾਫ਼ਲਾ ਲਗਾਤਾਰ ਤੁਰਦਾ ਰਹਿੰਦਾ ਹੈ । ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪੰਜਾਬੀ ਦੁਨੀਆ ਤੇ ਆਏ ਹੀ ਪੰਜਾਬ ਦੇ ਮੇਲੇ ਤੇ ਤਿਉਹਾਰ ਮਨਾਉਣ ਹਨ। ਪੰਜਾਬੀਆਂ ਲਈ ਹਰ ਪਲ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ । ਜਿੱਥੇ ਪੰਜ – ਚਾਰ ਪੰਜਾਬੀ ਜੁੜ ਜਾਣ, ਉਹ ਤੁਰਦਾ – ਫਿਰਦਾ ਮੇਲਾ ਬਣ ਜਾਂਦਾ ਹੈ ।

FAQs

ਪ੍ਰਸ਼ਨ : ਪੰਜਾਬ ਦਾ ਪ੍ਰਸਿੱਧ ਮੇਲਾ ਕਿਹੜਾ ਹੈ?

ਉੱਤਰ : ਹੋਲਾ-ਮਹੱਲਾ ।

ਪ੍ਰਸ਼ਨ : ਪੰਜਾਬ ਦੇ ਮੇਲੇ ਤੇ ਤਿਉਹਾਰ ਲੇਖ ਦਾ ਲੇਖਕ ਕੌਣ ਹੈ ?

ਉੱਤਰ : ਡਾ. ਐੱਸ. ਐੱਸ. ਵਣਜਾਰਾ ਬੇਦੀ ।

5/5 - (19 votes)
Previous articleਮਿਹਨਤ ਸਫਲਤਾ ਦੀ ਕੁੰਜੀ ਹੈ
Next articleਰਸਮ-ਰਿਵਾਜ

LEAVE A REPLY

Please enter your comment!
Please enter your name here
Captcha verification failed!
CAPTCHA user score failed. Please contact us!

This site uses Akismet to reduce spam. Learn how your comment data is processed.