ਪੰਜਾਬ ਦੀਆਂ ਨਕਲਾਂ

ਪੰਜਾਬ ਦੀਆਂ ਨਕਲਾਂ

Facebook
WhatsApp
Twitter
Reddit
Pinterest
5/5 - (7 votes)

ਪੰਜਾਬ ਦੀਆਂ ਨਕਲਾਂ ਲੇਖ (Punjab diyaan naklaan)

ਪੰਜਾਬ ਦੀਆਂ ਨਕਲਾਂ ਕੀ ਹਨ?

‘ਨਕਲਾਂ’ ਪੰਜਾਬੀ ਸੱਭਿਆਚਾਰ ਵਿੱਚ ਲੋਕ – ਨਾਟਕ ਦੀ ਇੱਕ ਅਜਿਹੀ ਨਾਟਕੀ ਵਿਧਾ ਹੈ, ਜਿਸ ਨੂੰ ਸਾਂਗ, ਰੀਸ ਜਾਂ ਕਿਸੇ ਹੋਰ ਵਾਂਗ ਕਰਨ ਦੀ ਕਿਰਿਆ ਵੀ ਆਖ ਲਿਆ ਜਾਂਦਾ ਹੈ । ਕਈ ਲੋਕ ਇਸ ਨੂੰ ਭੰਡ – ਭੰਡੌਤੀ ਵੀ ਆਖਦੇ ਹਨ । ਇਸ ਵਿੱਚ ਕਿਸੇ ਪੇਸ਼ੇ, ਮਨੁੱਖ, ਪਸੂ, ਵਸਤੂ ਜਾਂ ਜਾਤ ਸੰਬੰਧੀ ਕਹਾਣੀ ਨੂੰ ਪੇਸ਼ਾਵਰ ਨਕਲੀਆਂ ਦੁਆਰਾ ਚਮੋਟਾ ਰੰਗ ਸ਼ੈਲੀ ਵਿੱਚ ਕਿਸੇ ਪ੍ਰਕਾਰ ਦਾ ਭੇਸ ਧਾਰਨ ਕਰਨ ਤੋਂ ਬਗ਼ੈਰ ਵਿਅੰਗਮਈ ਵਾਰਤਾਲਾਪ ਰਾਹੀਂ ਪਿੜ ਵਿੱਚ ਪੇਸ਼ ਕੀਤਾ ਜਾਂਦਾ ਹੈ | ਇਹ ਚੁਸਤ ਵਾਰਤਾਲਾਪ, ਹਾਜ਼ਰ – ਜਵਾਬੀ, ਵਿਅੰਗ ਅਤੇ ਨਾਟਕੀ ਮੌਕੇ ਸਿਰਜਣ ਦੀ ਸਮਰੱਥਾ ਕਾਰਨ, ਸਜੀਵ ਨਾਟਕੀ ਪੇਸ਼ਕਾਰੀ ਦਾ ਪ੍ਰਤਿਨਿਧ ਨਮੂਨਾ ਹਨ ।

ਮੌਖਿਕ ਤੇ ਸਦਾ ਨਵੀਆਂ-ਨਰੋਈਆਂ

ਨਕਲਾਂ ਮੌਖਿਕ ਰੂਪ ਵਿੱਚ ਹੀ ਉਸਤਾਦੀ – ਸ਼ਗਿਰਦੀ ਨਾਲ ਪੀੜ੍ਹੀ – ਦਰ ਪੀੜ੍ਹੀ ਅੱਗੇ ਤੁਰੀਆਂ ਆ ਰਹੀਆਂ ਹਨ ਪਰੰਤੂ ਇਹਨਾਂ ਉੱਪਰ ਖੋਜ ਕਰਨ ਵਾਲੇ ਕੁਝ ਖੋਜਾਰਥੀਆਂ ਨੇ ਇਹਨਾਂ ਨੂੰ ਕਲਮਬੰਦ ਵੀ ਕੀਤਾ ਹੈ ਲਿਖਤੀ ਰੂਪ ਵਿੱਚ ਆ ਕੇ ਇਹ ਸਥਿਰ ਤੇ ਨਿਰਜੀਵ ਹੋ ਜਾਂਦੀਆਂ ਹਨ ਕਿਉਂਕਿ ਇਹ ਸਮੇਂ ਦੇ ਸੰਗ ਵਿੱਚ ਹੀ ਕਿਰਿਆਸ਼ੀਲ ਰਹਿੰਦੀਆਂ ਹਨ ।

ਸਮਾਂ, ਸਥਾਨ ਅਤੇ ਪ੍ਰਸੰਗ ਬਦਲਣ ਨਾਲ ਇਹਨਾਂ ਦੀ ਸਾਰਥਕਤਾ ਵੀ ਘੱਟ – ਵੱਧ ਹੁੰਦੀ ਰਹਿੰਦੀ ਹੈ । ਮੌਖਿਕ ਰੂਪ ਵਿੱਚ ਇਹ ਸਮੇਂ ਦੇ ਵਹਿਣ ਵਿੱਚ ਵਹਿ ਕੇ ਅਤੀਤ ਵਿੱਚ ਖ਼ਤਮ ਹੋ ਜਾਂਦੀਆਂ ਹਨ ਅਤੇ ਇਹਨਾਂ ਦੀ ਥਾਂ ਨਵੀਂਆਂ ਨਕਲਾਂ ਲੈ ਲੈਂਦੀਆਂ ਹਨ । ਇਹ ਸਾਰਾ ਕੁਝ ਆਪਣੇ ਆਪ ਵਾਪਰਦਾ ਰਹਿੰਦਾ ਹੈ ਅਤੇ ਮੌਕੇ ਅਨੁਸਾਰ ਕਈ ਨਵੀਂਆਂ ਨਕਲਾਂ ਵੀ ਸਿਰਜ ਲਈਆਂ ਜਾਂਦੀਆਂ ਹਨ ।

ਨਕਲੀਏ ਕੌਣ ਹਨ?

ਨਕਲਾਂ ਕਰਨ ਵਾਲੇ ਕਲਾਕਾਰਾਂ ਨੂੰ ਨਕਲੀਏ ਕਿਹਾ ਜਾਂਦਾ ਹੈ ਮਰਾਸੀ ਅਤੇ ਭੰਡ ਦੋ ਖ਼ਾਸ ਜਾਤਾਂ ਹਨ । ‘ਮਰਾਸੀ’ ਜਿਸ ਨੂੰ ਲੋੜ ਤੋਂ ਵੱਧ ਗੱਲ ਫੁਰਦੀ ਹੋਵੇ । ਇਸ ਦੇ ਲਫ਼ਜ਼ੀ ਅਰਥ ਹਨ – ‘ਮਰਾਸੀ’ ਮਾਲਕੀ ਜਾਂ ਵਿਰਾਸਤ ਦੇ ਹੱਕ ਦਾ ਦਾਅਵੇਦਾਰ । ਮਰਾਸੀ ਜਿਵੇਂ ਉਹਨਾਂ ਦਾ ਕਦੀਮੀ ਰਿਵਾਜ ਹੈ, ਆਪਣੇ ਜਜਮਾਨਾਂ ਦੇ ਕੁਰਸੀਨਾਮੇ ਅਥਵਾ ਬੰਸਾਵਲੀਆਂ ਕਵਿਤਾ ਵਿੱਚ ਜੋੜ ਕੇ ਪੜ੍ਹਦੇ ਸਨ ਤੇ ਇਨਾਮ ਪ੍ਰਾਪਤ ਕਰਦੇ ਸਨ । ‘ਭੰਡ’ ਭੰਡੀ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ । ਨਕਲੀਏ ਮੁਸਲਮਾਨਾਂ ਦੇ ਭਾਰਤ ਆਉਣ ਨਾਲ ਮੁਸਲਮਾਨ ਬਣੇ ਸਨ ।

ਕੁਝ ਖੋਜੀਆਂ ਦਾ ਵਿਚਾਰ ਹੈ ਕਿ ਸੁਆਂਗੀ ਅਨਆਰੀਆਂ ਭਾਰਤ ਜਾਤੀ ਵਿੱਚੋਂ ਸਨ ਅਤੇ ਪੰਜਾਬ ਦੇ ਵਸਨੀਕ ਸਨ । ਜਦ ਉਹਨਾਂ ਦੀ ਨਾਟਕੀ ਕਲਾ ਆਰੀਆਂ ਨੇ ਅਪਣਾ ਕੇ ਇਹਨਾਂ ਨੂੰ ਘਟੀਆ ਸ਼ੂਦਰ ਕਹਿ ਕੇ ਇਹਨਾਂ ਦਾ ਨਿਰਾਦਰ ਕੀਤਾ ਤਾਂ ਇਹਨਾਂ ਨੇ ਉੱਚ ਜਾਤੀਆਂ ਨੂੰ ਨਕਲਾਂ ਰਾਹੀਂ ਭੰਡਣਾ ਸ਼ੁਰੂ ਕਰ ਦਿੱਤਾ ਤਾਂ ਜੋ ਆਪਣੇ ਨਿਰਾਦਰ ਦਾ ਬਦਲਾ ਲਿਆ ਜਾ ਸਕੇ । ਇਹੀ ਬਾਅਦ ਵਿੱਚ ਨਕਲਾਂ ਅਖਵਾਈਆਂ ।

ਪੰਜਾਬ ਦੀਆਂ ਨਕਲਾਂ ਦੀਆਂ ਕਿਸਮਾਂ

ਨਕਲਾਂ ਦੀਆਂ ਕਈ ਕਿਸਮਾਂ ਹਨ, ਪਰ ਮੁੱਖ ਤੌਰ ‘ਤੇ ਵਿਸ਼ੇ ਪੱਖੋਂ ਇਹ ਜਨਮ, ਵਿਆਹ, ਹੂ – ਬਹੂ ਸਾਂਗਾਂ, ਕਿੱਤਿਆਂ ਅਤੇ ਵਿਸ਼ੇਸ਼ ਵਿਅਕਤੀਆਂ ਬਾਰੇ ਕਹੀਆਂ ਜਾ ਸਕਦੀਆਂ ਹਨ ।

ਰੂਪ ਪੱਖੋਂ ਇਹ ਦੋ ਕਿਸਮ ਦੀਆਂ ਹੁੰਦੀਆਂ ਹਨ – ਨਿੱਕੀਆਂ ਨਕਲਾਂ ਅਤੇ ਲੰਮੀਆਂ ਨਕਲਾਂ ।

1. ਨਿੱਕੀਆਂ ਨਕਲਾਂ

ਨਿੱਕੀਆਂ ਨਕਲਾਂ ਨੂੰ ਸਿਰਫ਼ ਦੋ ਹੀ ਕਲਾਕਾਰ ਖੇਡਦੇ ਹਨ ਜਿਨ੍ਹਾਂ ਵਿੱਚੋਂ ਇੱਕ ਦੋ ਹੱਥ ਚਮੋਟਾ ਹੁੰਦਾ ਹੈ ਤੇ ਦੂਜੇ ਦੇ ਛੋਟਾ ਜਿਹਾ ਤਬਲਾ | ਤਬਲੋ ਵਾਲਾ ਜਦੋਂ ਵੀ ਕੋਈ ਬੇਤੁਕੀ ਗੱਲ ਕਰਦਾ ਹੈ ਤਾਂ ਦੂਜਾ ਉਸ ਦੇ ਚਮੋਟਾ ਮਾਰਦਾ ਹੈ ਜਿਸ ‘ਤੇ ਹਾਸਾ ਪੈਦਾ ਹੁੰਦਾ ਹੈ । ਇਸ ਵਿੱਚ ਇੱਕ ਝਾਕੀ ਵਿੱਚ ਇੱਕ ਹਾਸ – ਰਸੀ ਸਿਖਰ ਉਸਾਰਿਆ ਜਾਂਦਾ ਹੈ ਤੇ ਇਸ ਦਾ ਸਮਾਂ ਪੰਜ ਮਿੰਟ ਤੋਂ ਦਸ ਮਿੰਟ ਤੱਕ ਦਾ ਹੁੰਦਾ ਹੈ । ਇਸ ਦਾ ਅਰੰਭ ਸਧਾਰਨ ਗੱਲ – ਬਾਤ ਤੋਂ ਹੁੰਦਾ ਹੈ, ਮੱਧ ਵਿੱਚ ਲਟਕਾਅ ਤੇ ਅੰਤ ਪਟਾਕੇ ਵਾਂਗ ਫਟਦਾ ਹੈ । ਨਿੱਕੀਆਂ ਨਕਲਾਂ ਨੂੰ ਜਿੱਥੇ ਦੋ ਹੀ ਕਲਾਕਾਰ ਖੇਡਦੇ ਹਨ।

2. ਲੰਮੀਆਂ ਨਕਲਾਂ

ਲੰਮੀ ਨਕਲ ਖੇਡਣ ਲਈ ਪੂਰੀ ਟੋਲੀ ਦੀ ਲੋੜ ਹੁੰਦੀ ਹੈ ਇਸ ਵਿੱਚ ਦਸ – ਪੰਦਰਾਂ ਪਾਤਰ ਹੁੰਦੇ ਹਨ । ਲੰਮੀ ਨਕਲ ਵਿੱਚ ਘਟਨਾ ਪ੍ਰਧਾਨ ਕਹਾਣੀ ਨੂੰ ਵੱਖ – ਵੱਖ ਝਾਕੀਆਂ ਵਿੱਚ ਪੇਸ਼ ਕੀਤਾ ਜਾਂਦਾ ਹੈ । ਇਸ ਦਾ ਸਮਾਂ ਤਿੰਨ ਘੰਟੇ ਤੱਕ ਹੋ ਸਕਦਾ ਹੈ । ਥਾਂ – ਥਾਂ ਹਾਸੇ ਦੇ ਮੌਕੇ ਪੈਦਾ ਕੀਤੇ ਹੁੰਦੇ ਹਨ । ਲੰਮੀਆਂ ਨਕਲਾਂ ਨੂੰ ਖੇਡਣ ਲਈ ਬੇਸ਼ੱਕ ਪੂਰੀ ਟੋਲੀ ਦੀ ਲੋੜ ਹੁੰਦੀ ਹੈ ਪਰ ਮਹੱਤਵਪੂਰਨ ਪਾਤਰ ਦੋ ਹੀ ਹੁੰਦੇ ਹਨ । ਇਹਨਾਂ ਵਿੱਚੋਂ ਇੱਕ ਰੰਗਾ ਹੁੰਦਾ ਹੈ ਤੇ ਦੂਜਾ ਬਿਗਲਾ । ਰੰਗਾ ਸ਼ਬਦਾਂ ਦਾ ਮਹਿਲ ਉਸਾਰਦਾ ਹੈ ਅਤੇ ਬਿਗਲਾ ਲੱਤ ਮਾਰ ਕੇ ਉਸ ਨੂੰ ਢਾਹ ਦਿੰਦਾ ਹੈ ।

ਇਹਨਾਂ ਦੀ ਹੋਂਦ ਬਾਰੇ ਇੱਕ ਕਹਾਣੀ ਬੜੀ ਮਸ਼ਹੂਰ ਹੈ ਕਿਸੇ ਪਿੰਡ ਵਿੱਚ ਇੱਕ ਰੰਗਾ ਨਾਮੀ ਮਰਾਸੀ ਰਹਿੰਦਾ ਸੀ, ਜਿਹੜਾ ਸਾਜ਼ – ਸੰਗੀਤ ਦਾ ਬਹੁਤ ਮਾਹਰ ਸੀ । ਉਹ ਕਿੱਸੇ – ਕਹਾਣੀਆਂ ਗਾ ਕੇ ਸੁਣਾਉਂਦਾ ਹੁੰਦਾ ਸੀ ਉਸ ਦੀ ਅਵਾਜ਼ ਏਨੀ ਸੁਰੀਲੀ ਸੀ ਕਿ ਉਹ ਜਿੱਥੇ ਵੀ ਜਾਂਦਾ, ਸੈਂਕੜੇ ਲੋਕ ਇਕੱਠੇ ਹੋ ਜਾਂਦੇ । ਇਸ ਦਾ ਇੱਕ ਮਿੱਤਰ ਸੀ ਜੋ ਬੜਾ ਹਸਮੁਖ ਸੀ, ਪਰ ਗਾਉਣਾ ਨਹੀਂ ਸੀ ਜਾਣਦਾ । ਜਦੋਂ ਰੰਗਾ ਕਥਾ ਗਾਇਣ ਕਰਦਾ ਤਾਂ ਉਹ ਮੂੰਹ ਵਿਗਾੜ ਕੇ ਉਸ ਦੀ ਨਕਲ ਕਰਦਾ ਜਿਸ ‘ਤੇ ਲੋਕ ਬਹੁਤ ਹੱਸਦੇ । ਉਸ ਦੇ ਵਿਗੜੇ ਮੂੰਹ ‘ਤੇ ਲੋਕ ਉਸ ਨੂੰ ਬਿਗੜਾ ਕਹਿਣ ਲੱਗ ਪਏ ਜੋ ਹੌਲੀ – ਹੌਲੀ ਬਿਗਲੇ ਵਿੱਚ ਬਦਲ ਗਿਆ ।

ਰੰਗਾ ਲੰਮੀ ਨਕਲ ਦਾ ਇੱਕ ਪ੍ਰਕਾਰ ਦਾ ਨਿਰਦੇਸ਼ਕ ਹੁੰਦਾ ਹੈ ਜਿਸ ਦੇ ਹੱਥ ਚਮੋਟਾ ਹੁੰਦਾ ਹੈ । ਬਹੁਤਾ ਸਿਆਣਾ ਨਕਲੀਆ ਰੰਗੇ ਦਾ ਪਾਰਟ ਕਰਦਾ ਹੈ । ਬਿਗਲਾ ਨਕਲਾਂ ਦਾ ਮਖੌਲੀਆ ਅਦਾਕਾਰ ਹੁੰਦਾ ਹੈ ਜਿਸ ਦੀ ਸ਼ਕਲ ਵੇਖ ਕੇ ਹਾਸਾ ਆ ਜਾਂਦਾ ਹੈ । ਇਸ ਤੋਂ ਇਲਾਵਾ ਕੁਝ ਹੋਰ ਅਦਾਕਾਰ ਵੀ ਹੁੰਦੇ ਹਨ ਜਿਨ੍ਹਾਂ ਵਿੱਚੋਂ ਕਈਆਂ ਇਸਤਰੀ ਬਣਨਾ ਪੈਂਦਾ ਹੈ । ਕਈਆਂ ਨੂੰ ਹੋਰ ਪਾਰਟ ਕਰਨੇ ਪੈਂਦੇ ਹਨ । ਇਹ ਪਾਰਟ ਨਾਚ ਨੱਚਣ ਵਾਲੇ ਕੁੜੀਆਂ ਬਣੇ ਮੁੰਡੇ ਹੀ ਕਰ ਲੈਂਦੇ ਹਨ । ਇਹਨਾਂ ਨੂੰ ਜ਼ਿਆਦਾ ਸਿੱਖਿਆ ਦੀ ਲੋੜ ਨਹੀਂ ਹੁੰਦੀ ।

ਨਕਲਾਂ ਵਿੱਚ ਦਰਸ਼ਕਾਂ ਦੀ ਭੂਮਿਕਾ

ਨਕਲਾਂ ਵਿੱਚ ਦਰਸ਼ਕਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ । ਅਦਾਕਾਰਾਂ ਤੇ ਦਰਸ਼ਕਾਂ ਦਾ ਆਪਸ ਵਿੱਚ ਬੜਾ ਗੂੜਾ ਸੰਬੰਧ ਹੁੰਦਾ ਹੈ । ਦਰਸ਼ਕ ਜਦ ਜੀਅ ਚਾਹਵੇ ਨਕਲਾਂ ਵਿੱਚ ਦਖ਼ਲ – ਅੰਦਾਜ਼ੀ ਕਰ ਸਕਦੇ ਹਨ । ਜਦੋਂ ਨਕਲੀਏ ਪਿੜ ਲਾਉਂਦੇ ਹਨ ਤਾਂ ਦਰਸ਼ਕ ਉਹਨਾਂ ਦੇ ਇਰਦ – ਗਿਰਦ ਜੁੜਨੇ ਸ਼ੁਰੂ ਹੋ ਜਾਂਦੇ ਹਨ । ਨਕਲੀਏ ਦੀ ਸੰਬੋਧਨੀ ਸ਼ੈਲੀ ਬਹੁ – ਪਸਾਰੀ ਹੁੰਦੀ ਹੈ । ਉਹ ਇੱਕੋ ਵੇਲੇ ਦਰਸ਼ਕਾਂ ਨੂੰ ਵੀ ਸੰਬੋਧਿਤ ਹੁੰਦਾ ਹੈ ਅਤੇ ਆਪਣੇ ਸਾਥੀਆਂ ਨੂੰ ਵੀ । ਇਸੇ ਕਰਕੇ ਨਕਲਾਂ ਵਿੱਚ ਦਰਸ਼ਕਾਂ ਦੀ ਮਾਨਸਿਕ ਹੀ ਨਹੀਂ ਸਰੀਰਿਕ ਸ਼ਮੂਲੀਅਤ ਵੀ ਹੁੰਦੀ ਹੈ ।

ਮੌਕੇ ਅਨੁਸਾਰ ਦਰਸ਼ਕਾਂ ਵਿੱਚੋਂ ਬੱਚਾ ਚੁੱਕ ਲੈਣਾ, ਨਿੱਕੇ ਮੁੰਡੇ ਨੂੰ ਮਖ਼ੌਲ, ਜਵਾਨ ਵੱਲ ਇਸ਼ਾਰਾ ਆਮ ਵਿਧੀ ਹੈ । ਇਸ ਤਰ੍ਹਾਂ ਜਦ ਰੰਗਾ ਬਿਗਲੇ ਨੂੰ ਚਮੋਟਾ ਮਾਰਦਾ ਹੈ ਤਾਂ ਬਿਗਲਾ ਕਹਿੰਦਾ ਹੈ – ‘ਨਾ ਮਾਰ ਓਏ’ । ਰੰਗਾ ਪੁੱਛਦਾ ਹੈ, ਕਿਉਂ? ਬਿਗਲਾ ਇੱਕ ਨਿੱਕੇ ਮੁੰਡੇ ਵੱਲ ਇਸ਼ਾਰਾ ਕਰਕੇ ‘ਆਹ ਤੇਰਾ ਫੁੱਫੜ ਵੇਂਹਦਾ ਈ । ‘ਜਦੋਂ ਨਿੱਕੇ ਮੁੰਡੇ ਨੂੰ ਫੁੱਫੜ ਕਿਹਾ ਜਾਂਦਾ ਹੈ ਤਾਂ ਸਾਰੇ ਹੱਸਦੇ ਹਨ ।

ਵੇਲ ਕੀ ਹੁੰਦੀ ਹੈ?

ਨਕਲਾਂ ਵਿੱਚ ਜਦ ਜੀਅ ਚਾਹਵੇ ਦਰਸ਼ਕ ਅਦਾਕਾਰਾਂ ਨੂੰ ਪੈਸੇ ਦੇ ਸਕਦੇ ਹਨ, ਜਿਸਨੂੰ ‘ਵੇਲ’ ਕਿਹਾ ਜਾਂਦਾ ਹੈ । ਪੈਸੇ ਮਿਲਨ ਤੇ ਨਕਲੀਏ ਨਕਲ ਨੂੰ ਉੱਥੇ ਰੋਕ ਕੇ ਪੈਸੇ ਦੇਣ ਵਾਲੇ ਦੀ ਉੱਚੀ ਹੇਕ ਵਿੱਚ ‘ਵੇਲ’ ਕਰਦੇ ਹਨ । ਜੇਕਰ ਦਰਸ਼ਕ ਵੇਲ ਕਿਸੇ ਮਨ – ਮਰਜ਼ੀ ਦੇ ਪਾਤਰ ਨੂੰ ਦੇਣਾ ਚਾਹੁੰਦੇ ਹੋਣ ਤਾਂ ਨੋਟ ਦਿਖਾ ਕੇ ਉਸ ਨੂੰ ਕੋਲ ਵੀ ਸੱਦ ਲੈਂਦੇ ਹਨ ਜਾਂ ਮੰਚ ‘ਤੇ ਵੀ ਜਾ ਸਕਦੇ ਹਨ ।

ਪੰਜਾਬ ਦੀਆਂ ਨਕਲਾਂ ਖੇਡਣ ਲਈ ਮੰਚ

ਮੰਚ ਦੇ ਪੱਖ ਤੋਂ ਨਕਲਾਂ ਸਮੂਹਿਕ ਤੇ ਖੁੱਲ੍ਹੇ ਚਰਿੱਤਰ ਦੀਆਂ ਧਾਰਨੀ ਹਨ । ਇਹਨਾਂ ਦੀ ਪੇਸ਼ਕਾਰੀ ਖੁੱਲ੍ਹੇ ਅਖਾੜੇ ਵਿੱਚ ਲੋਕਾਂ ਲਈ ਹੁੰਦੀ ਹੈ । ਇਸ ਵਿੱਚ ਸਿਰਫ਼ ਸੰਕੇਤਿਕ ਤੇ ਲੁੜੀਂਦੀ ਸਮਗਰੀ ਹੀ ਵਰਤੀ ਜਾਂਦੀ ਹੈ, ਜਿਵੇਂ; ਚਮੋਟਾ ਤੇ ਛੋਟਾ ਜਿਹਾ ਤਬਲਾ ਜਿਸ ਨੂੰ ਖੱਬੇ ਹੱਥ ਵਿੱਚ ਫੜਿਆ ਜਾਂਦਾ ਹੈ । ਬਾਕੀ ਕੰਮ ਇਸ਼ਾਰਿਆਂ ਨਾਲ ਹੀ ਸਾਰ ਲਿਆ ਜਾਂਦਾ ਹੈ । ਇੱਕੋ ਆਦਮੀ ਬਿਨਾਂ ਵਸਤਰ ਬਦਲਿਆਂ ਸਿਰ ‘ਤੇ ਸਾਫ਼ਾ ਰੱਖ ਕੇ ਕੁੜੀ ਬਣ ਜਾਂਦਾ ਹੈ ਤੇ ਫਿਰ ਉਹੀ ਸਾਫ਼ਾ ਸਿਰ ‘ਤੇ ਬੰਨ ਕੇ ਪਿਓ ਜਾਂ ਵਿਚੋਲਾ ਬਣ ਜਾਂਦਾ ਹੈ ।

ਇੱਕ ਵਾਰ ਬੋਲਣ ਨਾਲ ਹੀ ਦ੍ਰਿਸ਼ ਬਦਲ ਜਾਂਦਾ ਹੈ ਕੋਈ ਨਵੀਂ ਸਜਾਵਟ ਦਾ ਅਡੰਬਰ ਰਚਣ ਦੀ ਲੋੜ ਨਹੀਂ ਪੈਂਦੀ । ਦਰਸ਼ਕ ਇਸ ਨੂੰ ਸਹਿਜੇ ਹੀ ਸਮਝ ਲੈਂਦੇ ਹਨ । ਅਦਾਕਾਰ ਆਪਣੀ ਕਲਾ ਦੇ ਜੌਹਰ ਵਿਖਾ ਕੇ ਦਰਸ਼ਕਾਂ ਨੂੰ ਕੀਲਦਾ ਹੈ, ਨਾ ਕਿ ਰੋਸ਼ਨੀਆਂ, ਵਸਤਾਂ ਤੇ ਹੋਰ ਬਣਾਉਟੀ ਤਕਨੀਕਾਂ ਰਾਹੀਂ ।

ਨਕਲਾਂ ਖੇਡਣ ਲਈ ਪਿੜ ਜਾਂ ਮੰਚ

ਨਕਲਾਂ ਖੇਡਣ ਲਈ ਤਿੰਨ ਪ੍ਰਕਾਰ ਦਾ ਪਿੜ ਵਰਤਿਆ ਜਾਂਦਾ ਹੈ – ਘੱਗਰੀ, ਤੀਰ ਕਮਾਨੀ ਅਤੇ ਦਰਖ਼ਤ ਵਾਲਾ ਥੜ੍ਹਾ ।

1. ਘੱਗਰੀ ਪਿੜ

ਜਦੋਂ ਨਕਲੀਏ ਇੱਕ ਥਾਂ ਖਲੋ ਕੇ ਨਕਲਾਂ ਕਰਨ ਅਤੇ ਦਰਸ਼ਕ ਉਹਨਾਂ ਦੇ ਚਾਰ – ਚੁਫੇਰੇ ਗੋਲ ਦਾਇਰੇ ਵਿੱਚ ਖਲੋ ਕੇ ਨਕਲਾਂ ਦੇਖਣ ਤਾਂ ਅਜਿਹੇ ਪਿੜ ਨੂੰ ਘੱਗਰੀ ਪਿੜ ਕਿਹਾ ਜਾਂਦਾ ਹੈ ।

2. ਤੀਰ – ਕਮਾਨੀ ਪਿੜ

ਜਦੋਂ ਪਿਛਲੇ ਪਾਸੇ ਕਿਸੇ ਮਕਾਨ ਜਾਂ ਦਿਵਾਰ ਦਾ ਆਸਰਾ ਮਿਲ ਜਾਵੇ ਤੇ ਉਸ ਪਾਸੇ ਕੋਈ ਦਰਸ਼ਕ ਨਾ ਆ ਸਕੇ ਤਾਂ ਇਹ ਤੀਰ – ਕਮਾਨੀ ਪਿੜ ਹੁੰਦਾ ਹੈ ।

3. ਦਰਖ਼ਤ ਵਾਲਾ ਥੜ੍ਹਾ

ਕਦੇ – ਕਦੇ ਕਿਸੇ ਦਰਖ਼ਤ ਹੇਠਾਂ ਬਣਿਆ ਥੜ੍ਹਾ ਵੀ ਨਕਲਾਂ ਕਰਨ ਲਈ ਵਰਤ ਲਿਆ ਜਾਂਦਾ ਹੈ, ਜਿਸ ‘ਤੇ ਲੋਕ ਹੇਠਾਂ ਖਲੋ ਕੇ ਨਕਲਾਂ ਦੇਖਦੇ ਹਨ ।

ਨਕਲਾਂ ਕਿੱਥੇ ਖੇਡੀਆਂ ਜਾਂਦੀਆਂ ਹਨ?

ਪੰਜਾਬੀ ਸੱਭਿਆਚਾਰ ਅਨੁਸਾਰ ਨਕਲਾਂ ਤਿੰਨ ਸਮੇਂ ਖੇਡੀਆਂ ਜਾਂਦੀਆਂ ਹਨ । ਮੁੰਡਾ ਜੰਮਣ, ਮੁੰਡੇ ਦੇ ਵਿਆਹ ਅਤੇ ਮੇਲੇ – ਤਿਉਹਾਰ ਤੇ ਵਿਸ਼ੇਸ਼ ਅਖਾੜਾ ਲਗਵਾ ਕੇ ।

ਜਦੋਂ ਕਿਸੇ ਦੇ ਘਰ ਮੁੰਡੇ ਦਾ ਜਨਮ ਹੁੰਦਾ ਹੈ ਤਾਂ ਹਫ਼ਤੇ ਕੁ ਬਾਅਦ ਭੰਡ ਪਤਾ ਨਹੀਂ ਕਿੱਥੋਂ ਆ ਜਾਂਦੇ ਹਨ? ਅਜਿਹੇ ਮੌਕਿਆਂ ਤੇ ਇਹਨਾਂ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਆਪ ਹੀ ਸਾਰੇ ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਖ਼ਬਰਾਂ ਰੱਖਦੇ ਹਨ । ਲੋਕ ਇਹਨਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹਨ ਕਿਉਂਕਿ ਇਸ ਸਮੇਂ ਹਰ ਇੱਕ ਨੂੰ ਖੁੱਲ੍ਹ ਕੇ ਹੱਸਣ ਦਾ ਮੌਕਾ ਮਿਲ ਜਾਂਦਾ ਹੈ । ਇਸ ਲਈ ਭੰਡ ਜਦੋਂ ਅਜੇ ਘਰ ਤੋਂ ਦੂਰ ਹੀ ਹੁੰਦੇ ਹਨ ਤਾਂ ਬੱਚੇ ਰੌਲਾ ਪਾ ਦਿੰਦੇ ਹਨ ‘ਭੰਡ ਆ ਗਏ’, ‘ਭੰਡ ਆ ਗਏ ।

1. ਮੁੰਡਾ ਜੰਮਣ ਉੱਤੇ

ਮੁੰਡਾ ਜੰਮਣ ਤੇ ਅਖਾੜਾ ਘਰ ਦੇ ਵਿਹੜੇ ਵਿੱਚ ਹੀ ਲੱਗਦਾ ਹੈ । ਭੰਡ ਘਰ ਦੇ ਦਰਵਾਜ਼ੇ ਤੋਂ ਹੀ ਤਬਲੇ ਤੇ ਜ਼ੋਰ – ਜ਼ੋਰ ਦੀ ਹੱਥ ਮਾਰ ਕੇ ਗਾਉਣ ਲੱਗ ਪੈਂਦੇ ਹਨ ਤਾਂ ਜੋ ਉਹਨਾਂ ਦੇ ਆਉਣ ਦਾ ਸਾਰਿਆਂ ਨੂੰ ਪਤਾ ਲੱਗ ਜਾਵੇ । ਹੌਲੀ – ਹੌਲੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ । ਸਵਾਣੀ ਨਵ – ਜੰਮੇ ਬੱਚੇ ਨੂੰ ਲੈ ਕੇ ਦਰਸ਼ਕਾਂ ਵਿੱਚ ਆਣ ਬੈਠਦੀ ਹੈ । ਆਂਢ – ਗੁਆਂਢ ਤੋਂ ਜ਼ਨਾਨੀਆਂ ਥਾਲੀਆਂ ਵਿੱਚ ਚੌਲ / ਆਟਾ, ਉੱਤੇ ਗੁੜ ਦੀ ਰੋੜੀ ਜਾਂ ਰੁਪਈਆ ਰੱਖ ਕੇ ਲਿਆਉਂਦੀਆਂ ਹਨ ਜਿਸ ਨੂੰ ‘ਵੇਲ’ ਕਿਹਾ ਜਾਂਦਾ ਹੈ । ਜਦੋਂ ਲੋਕ ਇਕੱਠੇ ਹੋ ਜਾਣ ਉਦੋਂ ਭੰਡ ਨਕਲਾਂ ਸ਼ੁਰੂ ਕਰ ਦਿੰਦੇ ਹਨ ।

2. ਮੁੰਡੇ ਦੇ ਵਿਆਹ ਉੱਤੇ

ਮੁੰਡੇ ਦੇ ਵਿਆਹ ਦੇ ਸਮੇਂ ਭਾਵੇਂ ਬਾਹਰ ਸਾਂਝੀ, ਖੁੱਲ੍ਹੀ ਥਾਂ ਵੀ ਪਿੜ ਲਾ ਲਿਆ ਜਾਂਦਾ ਹੈ ਪਰ ਬਹੁਤੀ ਵਾਰੀ ਇਹ ਪਿੜ ਘਰ ਦੇ ਵਿਹੜੇ ਵਿੱਚ ਹੀ ਲੱਗਦਾ ਹੈ । ਵਿਆਹ ਤੋਂ ਅਗਲੇ ਦਿਨ ਹੀ ਭੰਡ ਆ ਤਬਲਾ ਖੜਕਾਉਂਦੇ ਹਨ । ਰਿਸ਼ਤੇਦਾਰ ਅਜੇ ਘਰ ਹੀ ਹੁੰਦੇ ਹਨ ਜਿਸ ਕਰਕੇ ਕਾਫ਼ੀ ਰੌਣਕ ਹੋ ਜਾਂਦੀ ਹੈ । ਨਵੀਂ ਵਿਆਹੀ ਜੋੜੀ ਨੂੰ ਖ਼ਾਸ ਥਾਂ ਬਿਠਾਇਆ ਜਾਂਦਾ ਹੈ ਤਾਂ ਜੋ ਉਹਨਾਂ ਦਾ ਸਾਰਿਆਂ ਨੂੰ ਪਤਾ ਲੱਗ ਜਾਵੇ । ਨਕਲਾਂ ਦੌਰਾਨ ਲੋਕ ਵਧ – ਚੜ੍ਹ ਕੇ ਜੋੜੀ ਦੇ ਨਾਂ ਤੇ ਆਪਣੀ – ਆਪਣੀ ਰਿਸ਼ਤੇਦਾਰੀ ਜਤਾਉਣ ਲਈ ਵੇਲਾਂ ਕਰਾਉਂਦੇ ਹਨ ।

ਜਦੋਂ ਨਕਲਾਂ ਖ਼ਤਮ ਹੋ ਜਾਂਦੀਆਂ ਹਨ ਤਾਂ ਮੁੰਡੇ ਦੀ ਮਾਂ ਥਾਲੀ ਵਿੱਚ ਬੂੰਦੀ ਪਾ ਕੇ ਉੱਤੇ ਵਿਤ ਅਨੁਸਾਰ ਪੈਸੇ ਧਰ ਲਿਆਉਂਦੀ ਹੈ ਜਿਨ੍ਹਾਂ ਨੂੰ ਭੰਡ ਬਿਨਾਂ ਹੀਲ – ਹੁੱਜਤ ਦੇ ਕਬੂਲ ਕਰ ਲੈਂਦੇ ਹਨ । ਕੁਝ ਇੱਕ ਭੰਡ ਅੜੀ ਵੀ ਕਰ ਬੈਠਦੇ ਹਨ ਜਿਸ ਅੱਗੇ ਘਰਦਿਆਂ ਨੂੰ ਗੋਡੇ ਟੇਕਣੇ ਪੈਂਦੇ ਹਨ । ਤੀਜੀ ਪ੍ਰਕਾਰ ਦਾ ਅਖਾੜਾ ਖੁੱਲ੍ਹੇ ਮੰਡਪ ਵਿੱਚ ਲੱਗਦਾ ਹੈ । ਇਸ ਵਿੱਚ ਨਕਲੀਆਂ ਦੀ ਪੂਰੀ ਟੋਲੀ ਆਉਂਦੀ ਹੈ, ਜੋ ਆਪਣੇ ਆਪ ਨਹੀਂ ਸਾਈ ਦੇ ਕੇ ਬੁਲਾਈ ਜਾਂਦੀ ਹੈ ।

ਉਹ ਆਪਣੇ ਨਾਲ ਪੂਜਾ ਦਾ ਸਾਜ਼ – ਸਮਾਨ ਲੈ ਕੇ ਆਉਂਦੀ ਹੈ । ਸਾਰੇ ਲੋਕਾਂ ਨੂੰ ਇਸ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਂਦਾ ਹੈ । ਇਸ ਲਈ ਲੋਕ ਹੁੰਮ – ਹੁੰਮਾ ਕੇ ਪੁੱਜਦੇ ਹਨ । ਇਹੋ – ਜਿਹੇ ਪਿੜ ਬਹੁਤੀ ਵਾਰ ਪਿੰਡ ਦੇ ਸ਼ਾਹੂਕਾਰ / ਸਰਪੰਚ ਆਦਿ ਵੱਲੋਂ ਹੀ ਲਗਵਾਏ ਜਾਂਦੇ ਹਨ ।

3. ਮੇਲਿਆਂ ਤੇ ਤਿਉਹਾਰਾਂ ਉੱਤੇ

ਕਦੀ – ਕਦੀ ਮੇਲੇ ਤਿਉਹਾਰ ਉੱਤੇ ਆਮ ਲੋਕ ਵੀ ਇਕੱਠੇ ਹੋ ਕੇ ਨਕਲੀਆਂ ਨੂੰ ਸੱਦ ਲੈਂਦੇ ਹਨ । ਬਹੁਤੀ ਵਾਰ ਇਹ ਅਖਾੜਾ ਰਾਤ ਨੂੰ ਲੱਗਦਾ ਹੈ । ਲੋਕ ਦਿਨੋਂ ਕੰਮ – ਧੰਦਾ ਮੁਕਾ ਲੈਂਦੇ ਹਨ ਤਾਂ ਜੋ ਰਾਤ ਨੂੰ ਬੇਫ਼ਿਕਰ ਹੋ ਕੇ ਨਕਲਾਂ ਦਾ ਅਨੰਦ ਮਾਣਿਆ ਜਾ ਸਕੇ । ਜਦੋਂ ਭੰਡ ਨਕਲਾਂ ਕਰ ਕੇ ਚਲੇ ਜਾਂਦੇ ਹਨ ਤਾਂ ਪਿੰਡ ਦਿਆਂ ਲੋਕਾਂ ਵਿੱਚ ਕਾਫ਼ੀ ਦਿਨ ਇਹਨਾਂ ਦੀਆਂ ਨਕਲਾਂ ਦੀ ਚਰਚਾ ਚੱਲਦੀ ਰਹਿੰਦੀ ਹੈ।

ਪੰਜਾਬ ਦੀਆਂ ਨਕਲਾਂ ਦੀ ਮਹੱਤਤਾ

ਬੇਸ਼ੱਕ ਅੱਜ ਆਧੁਨਿਕ ਤਕਨਾਲੋਜੀ ਕਰਕੇ ਮਨੋਰੰਜਨ ਦੇ ਨਵੇਂ ਤੋਂ ਨਵੇਂ ਸਾਧਨ ਵਧ ਰਹੇ ਹਨ ਫਿਰ ਵੀ ਨਕਲਾਂ ਦੀ ਆਪਣੀ ਮਹੱਤਤਾ ਹੈ । ਇਸ ਕਰਕੇ ਜਦੋਂ ਕਿਤੇ ਨਕਲਾਂ ਪੈਂਦੀਆਂ ਹਨ ਤਾਂ ਲੋਕ ਬੜੀ ਦਿਲਚਸਪੀ ਨਾਲ ਇਹਨਾਂ ਨੂੰ ਵੇਖਦੇ ਹਨ ।

FAQ

ਪ੍ਰਸ਼ਨ – ਨਕਲਾਂ ਖੇਡਣ ਲਈ ਕਿਹੋ ਜਿਹੇ ਪਿੜਾਂ ਦੀ ਵਰਤੋਂ ਕੀਤੀ ਜਾਂਦੀ ਹੈ?

ਉੱਤਰ – ਨਕਲਾਂ ਖੇਡਣ ਲਈ ਤਿੰਨ ਪ੍ਰਕਾਰ ਦਾ ਪਿੜ ਵਰਤਿਆ ਜਾਂਦਾ ਹੈ – ਘੱਗਰੀ, ਤੀਰ ਕਮਾਨੀ ਅਤੇ ਦਰਖ਼ਤ ਵਾਲਾ ਥੜ੍ਹਾ ।

ਪ੍ਰਸ਼ਨ – ਨਕਲਾਂ ਕਰਨ ਵਾਲ਼ੇ ਦੇ ਹੱਥ ਵਿੱਚ ਫੜੇ ਚਮੜੇ ਦੇ ਤਮਾਚੇ ਨੂੰ ਕੀ ਕਿਹਾ ਜਾਂਦਾ ਹੈ?

ਉੱਤਰ – ਚਮੋਟਾ ।

Also Read...

Leave a Comment